ਸਲਾਰੀਆ ਨੇ ਸਿੱਧੂ ਤੇ ਮਨਪ੍ਰੀਤ ''ਤੇ ਕੀਤਾ ਮਾਣਹਾਨੀ ਦਾ ਕੇਸ

03/10/2018 3:26:02 AM

ਪਠਾਨਕੋਟ ( ਆਦਿਤਿਆ) - ਗੁਰਦਾਸਪੁਰ ਦੀ ਲੋਕ ਸਭਾ ਉਪ ਚੋਣ ਦੌਰਾਨ ਪੰਜਾਬ ਸਰਕਾਰ ਦੇ ਕਾਂਗਰਸ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੱਧੂ ਵੱਲੋਂ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰ ਸਵਰਨ ਸਲਾਰੀਆ 'ਤੇ ਮੁੰਬਈ ਵਿਚ ਇਕ ਔਰਤ  ਨਾਲ ਨਾਜਾਇਜ਼ ਸਬੰਧਾਂ ਦੇ ਦੋਸ਼ ਲਗਾਏ ਗਏ ਸਨ। ਕਾਂਗਰਸ ਵੱਲੋਂ ਕੀਤੀ ਗਈ ਬਿਆਨਬਾਜ਼ੀ ਦਾ ਸਲਾਰੀਆ ਨੂੰ ਚੋਣ ਵਿਚ ਕਾਫੀ ਨੁਕਸਾਨ ਵੀ ਉਠਾਉਣਾ ਪਿਆ ਸੀ। ਖੁਦ ਨੂੰ ਬੇਕਸੂਰ ਦੱਸਦੇ ਹੋਏ ਸਲਾਰੀਆ ਨੇ ਕਾਂਗਰਸੀ ਆਗੂਆਂ ਨੂੰ ਮੁਆਫੀ ਮੰਗਣ ਦਾ ਸਮਾਂ ਦਿੱਤਾ ਸੀ। ਹੁਣ ਇਸ ਦੀ ਮਿਆਦ ਖਤਮ ਹੁੰਦੇ ਹੀ ਸਲਾਰੀਆ ਨੇ ਦੋਵੇਂ ਮੰਤਰੀਆਂ ਖਿਲਾਫ ਧਾਰਾ 500 ਤੇ 501 ਤਹਿਤ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਪਿਲ ਅਗਰਵਾਲ ਦੀ ਕੋਰਟ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਦੋਵਾਂ ਆਗੂਆਂ ਨੂੰ ਦੋਸ਼ ਸਾਬਤ ਕਰਨ ਲਈ ਕਿਹਾ ਹੈ। ਇਸ ਦੀ ਸੁਣਵਾਈ ਦੀ ਅਗਲੀ ਤਰੀਕ 20 ਅਪ੍ਰੈਲ 2018 ਤੈਅ ਕੀਤੀ ਗਈ ਹੈ। ਇਸ ਵਿਚ ਸਵਰਨ ਸਲਾਰੀਆ ਵੱਲੋਂ ਸਬੂਤ ਪੇਸ਼ ਕੀਤੇ ਜਾਣਗੇ।
ਦੱਸ ਦੇਈਏ ਕਿ ਲੋਕ ਸਭਾ ਦੀ ਉਪ ਚੋਣ ਦੌਰਾਨ ਇਕ ਔਰਤ ਵੱਲੋਂ ਭਾਜਪਾ ਆਗੂ ਸਵਰਨ ਸਲਾਰੀਆ 'ਤੇ ਲਿਵ ਇਨ ਰਿਲੇਸ਼ਨ ਵਿਚ ਰਹਿੰਦੇ ਹੋਏ ਜਬਰ-ਜ਼ਨਾਹ ਦੇ ਦੋਸ਼ ਲਾਏ ਗਏ ਸਨ। ਉਕਤ ਔਰਤ ਵੱਲੋਂ ਮੀਡੀਆ ਨੂੰ ਸਲਾਰੀਆ ਨਾਲ ਉਸ ਦੀਆਂ ਖਿੱਚੀਆਂ ਗਈਆਂ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ। ਭਾਜਪਾ ਆਗੂ ਸਲਾਰੀਆ ਨੇ ਦੋਵਾਂ ਮੰਤਰੀਆਂ 'ਤੇ 100-100 ਕਰੋੜ ਦਾ ਮਾਣਹਾਨੀ ਦਾਅਵਾ ਕਰ ਕੇ ਕੇਸ ਸਬੰਧੀ ਨੋਟਿਸ ਵੀ ਭੇਜ ਦਿੱਤਾ ਹੈ। ਸਲਾਰੀਆ ਨੇ ਅੱਜ ਕੋਰਟ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਕੀਤਾ ਕਿ ਉਨ੍ਹਾਂ 'ਤੇ ਲਗਾਏ ਗਏ ਦੋਸ਼ ਬਿਲਕੁਲ ਗਲਤ ਹਨ ਅਤੇ ਚੋਣ ਵਿਚ ਇਸ ਦਾ ਉਨ੍ਹਾਂ ਦੇ ਪ੍ਰਚਾਰ 'ਤੇ ਬੁਰਾ ਅਸਰ ਪਿਆ ਸੀ।


Related News