ਸੱਜਣ ਕੁਮਾਰ ਨੂੰ ਉਮਰ ਕੈਦ ''ਤੇ ਹਰਸਿਮਰਤ ਨੇ ਘੇਰੀ ਕਾਂਗਰਸ

12/17/2018 7:10:24 PM

ਚੰਡੀਗੜ੍ਹ : 1984 ਸਿੱਖ ਵਿਰੋਧੀ ਦੰਗਿਆਂ ਵਿਚ ਦੋਸ਼ੀ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਏ ਜਾਣ 'ਤੇ ਅਕਾਲੀ ਦਲ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 1984 ਵਿਚ ਜਦੋਂ ਇਹ ਸਿੱਖ ਕਤਲੇਆਮ ਹੋਇਆ ਉਸ ਸਮੇਂ ਉਹ ਤਾਂ ਜਾਨ ਬਚਾਅ ਕੇ ਭੱਜ ਗਏ ਸਨ ਪਰ ਇਸ ਦੌਰਾਨ ਕਈ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਬੀਬਾ ਬਾਦਲ ਨੇ ਕਿਹਾ ਕਿ ਉਸ ਸਮੇਂ ਰਾਜੀਵ ਗਾਂਧੀ ਨੇ ਦੰਗੇ ਭੜਕਾਉਣ ਲਈ ਨਾਅਰੇ ਲਗਾਏ ਸਨ ਅਤੇ ਇਸ 'ਚ ਗਾਂਧੀ ਪਰਿਵਾਰ ਦਾ ਹੱਥ ਸੀ ਜਿਸ ਨੇ ਇਹ ਸਭ ਕਰਵਾਇਆ ਹੈ। 
ਹਰਸਿਮਰਤ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ ਕਿਉਂਕ ਉਨ੍ਹਾਂ ਵਲੋਂ ਬਣਾਈ ਗਈ ਐੱਸ. ਆਈ. ਟੀ. ਸਦਕਾ ਹੀ ਅੱਜ ਦੋਸ਼ੀਆਂ ਨੂੰ ਸਜ਼ਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਮੰਗ 'ਤੇ ਮੋਦੀ ਸਰਕਾਰ ਨੇ 2015 ਵਿਚ ਐੱਸ. ਆਈ. ਟੀ. ਦਾ ਗਠਨ ਕੀਤਾ ਸੀ, ਜਿਸ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਰਹੀਆਂ ਹਨ। 
ਹਰਸਿਮਰਤ ਨੇ ਕਿਹਾ ਕਿ ਕਾਂਗਰਸ ਨੇ 34 ਸਾਲ ਤਕ ਦਿੱਲੀ ਪੁਲਸ ਦਾ ਗਲਤ ਇਸਤੇਮਾਲ ਕੀਤਾ, ਇਸੇ ਦਾ ਅਸਰ ਸੀ ਕਿ ਅੱਜ ਤਕ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ 'ਤੇ ਕਾਰਵਾਈ ਤਕ ਨਹੀਂ ਹੋਈ, ਸਗੋਂ ਦੋਸ਼ੀਆਂ ਨੂੰ ਕਾਂਗਰਸ ਨੇ ਜ਼ੈੱਡ ਪਲੱਸ ਸੁਰੱਖਿਆ ਤਕ ਮੁਹੱਈਆ ਕਰਵਾਈ। ਹਰਸਿਮਰਤ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਮਿਲੀ ਹੈ, ਉਸੇ ਤਰ੍ਹਾਂ ਕੱਲ੍ਹ ਨੂੰ ਜਗਦੀਸ਼ ਟਾਈਟਲਰ ਨੂੰ ਵੀ ਸਜ਼ਾ ਜ਼ਰੂਰ ਮਿਲੇਗੀ। 
ਇਸ ਮੌਕੇ ਬੋਲਦੇ ਹੋਏ ਅਕਾਲੀ ਦਲ ਦੇ ਬੁਲਾਰਾ ਦਲਜੀਤ ਚੀਮਾ ਨੇ ਕਿਹਾ ਕਿ ਅੱਜ ਕਾਨੂੰਨ ਦੇ ਇਸ ਫੈਸਲੇ ਨਾਲ ਲੋਕਾਂ ਦਾ ਦੇਸ਼ ਦੀ ਨਿਆ ਪ੍ਰਣਾਲੀ ਵਿਚ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਹੈ। ਚੀਮਾ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਪੀੜਤ ਪਰਿਵਾਰਾਂ ਅਤੇ ਸਿੱਖ ਕੌਮ ਦੇ ਜ਼ਖਮਾਂ 'ਤੇ ਮਲ੍ਹਮ ਲਗਾਈ ਹੈ, ਚੀਮਾ ਨੇ ਕਿਹਾ ਕਿ ਆਸ ਕਰਦੇ ਹਾਂ ਕਿ ਇਸ ਮਾਮਲੇ 'ਚ ਸ਼ਾਮਲ ਹੋਰ ਵੀ ਦਰਿੰਦਿਆਂ ਨੂੰ ਹੁਣ ਜਲਦ ਸਜ਼ਾ ਮਿਲੇਗੀ।


Gurminder Singh

Content Editor

Related News