ਕੁੜੀਆਂ ਤੇ ਔਰਤਾਂ ਲਈ ਸੁਰੱਖਿਅਤ ਨਹੀਂ ਦਿੱਲੀ, 3 ਮਹੀਨੇ, 878 ਅਗਵਾ ਦੇ ਮਾਮਲੇ

Thursday, Apr 25, 2019 - 04:43 PM (IST)

ਕੁੜੀਆਂ ਤੇ ਔਰਤਾਂ ਲਈ ਸੁਰੱਖਿਅਤ ਨਹੀਂ ਦਿੱਲੀ, 3 ਮਹੀਨੇ, 878 ਅਗਵਾ ਦੇ ਮਾਮਲੇ

ਨਵੀਂ ਦਿੱਲੀ (ਵਿਸ਼ੇਸ਼)—ਲਗਾਤਾਰ ਸੁਧਾਰ ਦੀਆਂ ਕੋਸ਼ਿਸ਼ਾ ਅਤੇ ਦਾਅਵਿਆਂ ਦੇ ਬਾਵਜੂਦ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਅਜੇ ਵੀ ਕੁੜੀਆਂ ਅਤੇ ਔਰਤਾਂ ਲਈ ਅਸੁਰੱਖਿਅਤ ਥਾਂ ਬਣੀ ਹੋਈ ਹੈ।ਇਕ ਜਾਣਕਾਰੀ ਮੁਤਾਬਕ ਸਾਲ ਦੀ ਪਹਿਲੀ ਤਿਮਾਹੀ 'ਚ ਹੀ ਦਿੱਲੀ 'ਚ ਅਗਵਾ ਦੇ 1,409 ਕੇਸ ਦਰਜ ਹੋਏ ਹਨ ਅਤੇ ਉਨ੍ਹਾਂ ਵਿਚੋਂ 878 (62 ਫੀਸਦੀ) ਕੇਸ ਔਰਤਾਂ ਅਤੇ ਕੁੜੀਆਂ ਦੇ ਹਨ। ਇਨ੍ਹਾਂ ਵਿਚ ਵੀ 40 ਫੀਸਦੀ ਕੇਸਾਂ 'ਚ ਅਗਵਾ ਦੇ ਮਾਮਲੇ 12 ਤੋਂ 16 ਸਾਲ ਦੀਆਂ ਕੁੜੀਆਂ ਦੇ ਹੋਏ ਹਨ। ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਅਗਵਾ ਦੇ ਜਾਣਕਾਰ ਲੋਕਾਂ ਵਲੋਂ ਵਿਆਹ ਜਾਂ ਫਿਰ ਜਿਸਮਫਰੋਸ਼ੀ ਦੇ ਧੰਦੇ 'ਚ ਧੱਕਣ ਲਈ ਹੋਏ ਹਨ।

ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਅਗਵਾ ਦੀਆਂ ਘਟਨਾਵਾਂ ਮਾਲਜ਼, ਰੈਸਟੋਰੈਂਟ ਅਤੇ ਕਾਲਜਾਂ ਕੋਲ ਵਾਪਰੀਆਂ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਜਾਂਚ ਮੁਤਾਬਕ ਅਗਵਾ ਦੀਆਂ ਜ਼ਿਆਦਾਤਰ ਘਟਨਾਵਾਂ ਦਿੱਲੀ ਅਤੇ ਐੱਨ. ਸੀ. ਆਰ. 'ਚ ਘਟੀਆਂ ਹਨ ਜਦਕਿ 40 ਫੀਸਦੀ ਅਗਵਾ ਦੇ ਮਾਮਲਿਆਂ 'ਚ ਐੱਨ. ਸੀ. ਆਰ. ਦੇ ਗੈਂਗਸ ਦੀ ਭੂਮਿਕਾ ਨਜ਼ਰ ਆ ਰਹੀ ਹੈ।

ਕੇਸ ਸਟੱਡੀ 1
ਦਿੱਲੀ ਪੁਲਸ ਨੇ 2 ਮਾਰਚ ਨੂੰ ਪ੍ਰਵੀਨ ਨਾਮੀ ਇਕ ਵਿਅਕਤੀ ਨੂੰ ਇਕ ਸਾਲ ਦੀ ਬੱਚੀ, ਜਿਸ ਨੂੰ ਉਸ ਨੇ ਉੱਤਰ ਪੁਰਬੀ ਦਿੱਲੀ ਦੇ ਇਕ ਘਰ ਤੋਂ ਅਗਵਾ ਕੀਤਾ ਸੀ, ਦੇ ਨਾਲ ਗ੍ਰਿਫਤਾਰ ਕੀਤਾ। ਪਰਿਵਾਰ ਨੇ ਇਕ ਸਾਲ ਪਹਿਲਾਂਂ ਹੀ ਇਸ ਘਰੇਲੂ ਨੌਕਰ ਨੂੰ ਰੱਖਿਆ ਸੀ ਅਤੇ ਉਹ ਉੱਤਰ ਪ੍ਰਦੇਸ਼ ਦੇ ਟੁੰਡਲਾ ਰੇਲਵੇ ਤੋਂ ਨੇਪਾਲ ਜਾਣ ਦੀ ਕੋਸ਼ਿਸ਼ 'ਚ ਸੀ ਕਿ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਨੇ ਜਦੋਂ ਬੱਚੀ ਨੂੰ ਘਰ 'ਚ ਨਹੀਂ ਦੇਖਿਆ ਤਾਂ ਉਸ ਨੇ ਨੌਕਰ ਨੂੰ ਫੋਨ ਕੀਤਾ। ਉਸ ਨੇ ਕਿਹਾ ਕਿ ਉਹ ਜਲਦੀ ਹੀ ਬੱਚੀ ਨੂੰ ਵਾਪਸ ਲੈ ਆਏਗਾ। ਮਾਂ ਨੇ ਦੱਸਿਆ ਕਿ ਨੌਕਰ ਸਾਡੇ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਸੀ ਅਤੇ ਅਸੀਂ ਮਨ੍ਹਾ ਕਰ ਦਿੱਤਾ ਸੀ।

ਕੇਸ ਸਟੱਡੀ 2
ਦਿੱਲੀ ਪੁਲਸ ਨੇ ਦੱਸਿਆ ਕਿ 8 ਮਾਰਚ ਨੂੰ ਪੁਲਸ ਨੇ ਸੁਮਿਤ ਰਾਜਨ ਨਾਮੀ 19 ਸਾਲਾ ਨੌਜਵਾਨ ਨੂੰ ਅਗਵਾ ਅਤੇ ਸੈਕਸ ਸ਼ੋਸ਼ਣ ਦੇ ਇਕ ਕੇਸ 'ਚ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ। ਉਹ ਦਿੱਲੀ 'ਚ ਨੌਕਰੀ ਦੀ ਭਾਲ 'ਚ ਆਇਆ ਸੀ ਅਤੇ ਉਹ ਅਗਵਾ ਕੀਤੀ ਗਈ 14 ਸਾਲਾ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਕੁੜੀ ਦੀ ਮਾਂ ਨੇ ਦੱਸਿਆ ਕਿ ਉਹ 2018 ਤੋਂ ਸਾਡੇ ਘਰ ਨੇੜੇ ਰਹਿੰਦਾ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਬੁਰੀ ਨੀਅਤ ਰੱਖਦਾ ਹੈ ਅਤੇ ਸਾਡੀ ਬੱਚੀ ਨੂੰ ਅਗਵਾ ਕਰ ਲਵੇਗਾ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਕਮਿਸ਼ਨਰ ਨੇ ਸੁਮਿਤ ਨੂੰ ਗ੍ਰਿਫਤਾਰੀ ਲਈ 20 ਹਜ਼ਾਰ ਦੇ ਇਨਾਮ ਦਾ ਐਲਾਨ ਕੀਤਾ ਸੀ। ਸੁਮਿਤ ਪਹਿਲਾਂ ਕੁੜੀ ਨੂੰ ਬਿਹਾਰ ਲੈ ਗਿਆ, ਉਸ ਦੇ ਬਾਅਦ ਪੱਛਮੀ ਬੰਗਾਲ ਦੇ ਦੁਰਗਾਪੁਰ 'ਚ ਸ਼ਿਫਟ ਕੀਤਾ, ਜਿਥੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੰਜਾਬ 'ਚ ਵੀ ਸੁਖਦ ਨਹੀਂ ਸਥਿਤੀ
ਜ਼ਿਲਾ ਫਿਰੋਜ਼ਪੁਰ ਦੇ ਪਿੰਡ ਬੱਗੇ ਦੇ ਪਿੱਪਲ ਤੋਂ ਐੱਨ. ਆਰ. ਆਈ. ਕੁੜੀ ਰਵਨੀਤ ਕੌਰ ਦੀ 14 ਫਰਵਰੀ 2019 ਨੂੰ ਅਗਵਾ ਕਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਦੀ ਸਾਜਿਸ਼ 'ਚ ਉਸ ਦਾ ਆਸਟਰੇਲੀਆ ਰਹਿਦਾ ਪਤੀ ਸ਼ਾਮਲ ਸੀ ਅਤੇ ਉਸ ਦੀ ਪ੍ਰੇਮਿਕਾ ਨੇ ਕੁਝ ਲੋਕਾਂ ਨਾਲ ਮਿਲ ਕੇ ਰਵਨੀਤ ਕੌਰ ਨੂੰ ਅਗਵਾ ਕੀਤਾ ਅਤੇ ਉਸ ਨੂੰ ਮਾਰ ਕੇ ਲਾਸ਼ ਨਹਿਰ 'ਚ ਸੁੱਟ ਦਿੱਤੀ ਅਤੇ ਇਸ ਦੇ ਬਾਅਦ ਉਹ ਆਸਟਰੇਲੀਆ ਚਲੀ ਗਈ।
ਜ਼ਿਲਾ ਅੰਮ੍ਰਿਤਸਰ 'ਚ ਸਾਲ ਦੀ ਪਹਿਲੀ ਤਿਮਾਹੀ 'ਚ ਕੁੜੀਆਂ ਦੇ ਅਗਵਾ ਦੇ 5 ਕੇਸ ਦਰਜ ਹੋਏ ਹਨ।
ਜ਼ਿਲਾ ਪਟਿਆਲਾ 'ਚ 3 ਮਹੀਨਿਆਂ 'ਚ ਇਕ ਕੇਸ ਅਗਵਾ ਤੇ ਹੱਤਿਆ ਦਾ ਹੋਇਆ ਹੈ। ਇਹ ਕੇਸ ਥਾਣਾ ਤ੍ਰਿਪੜੀ 'ਚ ਦਰਜ ਕੀਤਾ ਗਿਆ ਜਿਥੇ ਦੋ ਨੌਜਵਾਨਾਂ ਨੇ ਪਿੰਡ ਸਿਯੋਨਾ ਦੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ।
ਜ਼ਿਲਾ ਸੰਗਰੂਰ 'ਚ 3 ਮਹੀਨਿਆਂ 'ਚ ਅਗਵਾ ਦੇ 4 ਕੇਸ ਦਰਜ ਹੋਏ।

ਅਚਾਨਕ ਵਾਧਾ
ਦਿੱਲੀ ਪੁਲਸ ਕੋਲ ਮੌਜੂਦ ਡਾਟਾ ਮੁਤਾਬਕ ਅਗਵਾ ਦੇ ਕੇਸਾਂ 'ਚ ਅਚਾਨਕ ਇੰਨਾ ਵਾਧਾ ਹੋਇਆ ਹੈ। 7 ਸਾਲਾਂ 'ਚ 50 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ 2018-19 'ਚ ਲੱਗਭਗ 6,000 ਕੇਸ ਅਗਵਾ ਦੇ ਦਰਜ ਹੋਏ ਹਨ ਜਦਕਿ 2012 'ਚ ਇਹ ਗਿਣਤੀ ਸਿਰਫ 3, 949 ਸੀ।

ਬਚਾਅ 'ਚ ਉਤਰੀ ਪੁਲਸ
ਦਿੱਲੀ ਪੁਲਸ ਦੇ ਬੁਲਾਰੇ ਮਧੁਰ ਵਰਮਾ ਨੇ ਕਿਹਾ ਕਿ ਸਾਰੇ ਕੇਸ ਅਗਵਾ ਦੇ ਨਹੀਂ ਹਨ। ਇਨ੍ਹਾਂ ਵਿਚ ਕਈ ਕੇਸ ਬੱਚਿਆਂ ਦੇ ਮਾਤਾ-ਪਿਤਾ ਦੇ ਆਪਸੀ ਕਲੇਸ਼ ਕਾਰਨ ਘਰੋਂ ਭੱਜਣ ਦੇ ਵੀ ਹਨ। ਉਥੇ ਕਈ ਕੇਸ ਹਮਉਮਰ ਕੁੜੀਆਂ ਦੇ ਆਪਣੇ ਮਾਤਾ-ਪਿਤਾ ਦੇ ਵਿਆਹ ਲਈ ਰਾਜ਼ੀ ਨਾ ਹੋਣ ਦੀ ਸੂਰਤ 'ਚ ਘਰੋਂ ਚਲੇ ਜਾਣ ਦੇ ਵੀ ਹਨ।
ਰਾਸ਼ਟਰੀ ਅਪਰਾਧਿਕ ਰਿਕਾਰਡ ਬਿਊਰੋ ਮੁਤਾਬਕ ਦੇਸ਼ਭਰ 'ਚ ਹਰ ਰੋਜ਼ 180 ਕੁੜੀਆਂ ਦੇ ਅਗਵਾ ਦੇ ਕੇਸ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚ 100 ਦੇ ਲੱਗਭਗ ਜ਼ਬਰਦਸਤੀ ਵਿਆਹ 'ਚ ਸਬੰਧਤ ਕੇਸ ਹਨ।

ਮਸ਼ਹੂਰ ਕੇਸ
ਅਪ੍ਰੈਲ : ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ 22 ਸਾਲਾ ਇਕ ਨਾਬਾਲਗ ਪਹਿਲਵਾਨ ਨੂੰ ਉਸ ਦੀ ਅਕਾਦਮੀ ਤੋਂ ਇਕ ਨੌਜਵਾਨ ਨੂੰ ਅਗਵਾ ਕਰਨ ਅਤੇ ਜ਼ਬਰਦਸਤੀ ਢਾਈ ਸਾਲ ਤੱਕ ਆਪਣੇ ਨਾਲ ਜੈਪੁਰ 'ਚ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ।
ਅਪ੍ਰੈਲ : 17 ਸਾਲਾ ਮੁੰਡੇ ਨੂੰ ਨਾਬਾਲਗ ਦੇ ਅਗਵਾ, ਜਬਰ ਜ਼ਨਾਹ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਅਗਵਾ ਤੋਂ ਬਾਅਦ ਉਹ ਉਸ ਨੂੰ ਡੰਪਯਾਰਡ 'ਚ ਲੈ ਗਿਆ ਅਤੇ ਜਬਰ ਜ਼ਨਾਹ ਤੋਂ ਬਾਅਦ ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਉਥੇ ਛੱਡ ਕੇ ਫਰਾਰ ਹੋ ਗਿਆ। ਉਸ ਨੂੰ ਪੀ. ਸੀ. ਆਰ. ਵੈਨ ਨੇ ਤਲਾਸ਼ ਕੀਤਾ ਸੀ।
ਜਨਵਰੀ : 40 ਸਾਲਾ ਨੂੰ ਪੱਛਮੀ ਦਿੱਲੀ ਤੋਂ 2 ਲੜਕੀਆਂ ਨੂੰ ਅਗਵਾ ਕਰਨ 'ਤੇ ਗ੍ਰਿਫਤਾਰ ਕੀਤਾ ਗਿਆ।

ਬਿਨਾਂ ਕਾਰਨ ਨਹੀਂ ਡਰ
ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬੱਚਿਆਂ/ਲੜਕੀਆਂ ਅਤੇ ਔਰਤਾਂ ਦੀ ਚੋਰੀ ਦੀ ਅਫਵਾਹ ਨੂੰ ਬੇਬੁਨਿਆਦ ਨਹੀਂ ਕਿਹਾ ਜਾ ਸਕਦਾ। ਖਾਸ ਤੌਰ 'ਤੇ ਗ੍ਰਹਿ ਮੰਤਰਾਲਾ ਵਲੋਂ ਜਾਰੀ ਸਾਲ 2016 ਦੇ ਅੰਕੜਿਆਂ ਤੋਂ ਬਾਅਦ। ਇਨ੍ਹਾਂ ਅੰਕੜਿਆਂ ਮੁਤਾਬਕ ਸਾਲ 2016 'ਚ ਭਾਰਤ ਤੋਂ ਲਗਭਗ 5500 ਬੱਚਿਆਂ ਨੂੰ ਅਗਵਾ ਕੀਤਾ ਅਤੇ ਇਹ ਅੰਕੜਾ ਇਕ ਸਾਲ ਪਹਿਲਾਂ ਦੇ ਅੰਕੜਿਆਂ ਦੇ ਮੁਕਾਬਲੇ 30 ਫੀਸਦੀ ਵੱਧ ਹੈ। ਗ੍ਰਹਿ ਮੰਤਰਾਲਾ ਦੀ 2017-18 ਦੀ ਰਿਪੋਰਟ ਮੁਤਾਬਕ ਸਾਲ 2016 'ਚ 54723 ਬੱਚੇ ਅਗਵਾ ਹੋਏ। ਹਾਲਾਂਕਿ ਸਿਰਫ 40.4 ਫੀਸਦੀ ਮਾਮਲਿਆਂ 'ਚ ਹੀ ਦੋਸ਼ ਪੱਤਰ ਦਾਖਲ ਕੀਤੇ ਗਏ। ਸਾਲ 2016 'ਚ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲਿਆਂ 'ਚ ਅਪਰਾਧ ਸਾਬਤ ਹੋਣ ਦੀ ਦਰ ਸਿਰਫ 22.7 ਫੀਸਦੀ ਰਹੀ। ਸਾਲ 2015 'ਚ ਅਜਿਹੇ 41893 ਮਾਮਲੇ ਦਰਜ ਕੀਤੇ ਗਏ, ਜਦੋਂਕਿ ਸਾਲ 2014 'ਚ ਇਹ ਗਿਣਤੀ 37854 ਸੀ। ਸਾਲ 2017 ਦੇ ਅੰਕੜੇ ਹਾਲੇ ਪੇਸ਼ ਨਹੀਂ ਕੀਤੇ ਗਏ ਹਨ।


author

Shyna

Content Editor

Related News