ਪੰਜਾਬ ਦੇ ਮੰਤਰੀ ਧਰਮਸੋਤ ਨੇ 'ਹੇਮਾ ਮਾਲਿਨੀ' ਨੂੰ ਦਿੱਤਾ ਠੋਕਵਾਂ ਜਵਾਬ, ਜਾਣੋ ਕੀ ਬੋਲੇ
Thursday, Jan 14, 2021 - 04:20 PM (IST)
ਨਾਭਾ (ਰਾਹੁਲ) : ਕਿਸਾਨ ਅੰਦੋਲਨ ਨੂੰ ਲੈ ਕੇ ਭਾਜਪਾ ਦੀ ਸੰਸਦ ਮੈਂਬਰ ਅਤੇ ਫ਼ਿਲਮ ਅਦਾਕਾਰਾ ਹੇਮਾ ਮਾਲਿਨੀ ਕਿਸਾਨਾਂ ਬਾਰੇ ਟਿੱਪਣੀ ਕਰਕੇ ਬੁਰੀ ਫਸ ਗਈ ਹੈ। ਜਿੱਥੇ ਹੇਮਾ ਮਾਲਿਨੀ ਵੱਲੋਂ ਕਿਸਾਨਾਂ ਬਾਰੇ ਦਿੱਤੇ ਬਿਆਨ ਦਾ ਵਿਰੋਧੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਹੇਮਾ ਮਾਲਿਨੀ ਨੂੰ ਠੋਕਵਾਂ ਜਵਾਬ ਦਿੱਤਾ ਹੈ। ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਹੇਮਾ ਮਾਲਿਨੀ ਨੂੰ ਸਿਰਫ ਫ਼ਿਲਮਾਂ ਤੱਕ ਪਤਾ ਹੈ।
ਉਨ੍ਹਾਂ ਕਿਹਾ ਕਿ ਹੇਮਾ ਮਾਲਿਨੀ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਕਿ ਕਣਕ ਦੀ ਬੱਲੀ ਕਿਵੇਂ ਲੱਗਦੀ ਹੈ ਅਤੇ ਇਸ ਦੇ ਬੂਟੇ ਕਿਸ ਤਰ੍ਹਾਂ ਦੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੇਮਾ ਮਾਲਿਨੀ ਨੂੰ ਨਹੀਂ ਪਤਾ ਕਿ ਕਿਹੜੇ ਵੇਲੇ ਝੋਨਾ ਲੱਗਦਾ ਹੈ ਅਤੇ ਕਿਹੜੇ ਵੇਲੇ ਵੱਢਿਆ ਜਾਂਦਾ ਹੈ। ਉਨ੍ਹਾਂ ਨੇ ਹੇਮਾ ਮਾਲਿਨੀ ਨੂੰ ਫਿਲਮ ਇੰਡਸਟਰੀ ਦਾ ਕੰਮ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕਾਂ, ਕਿਸਾਨ ਅਤੇ ਕਿਸਾਨਾਂ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਕੀ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਉਤਰਨ ਦੇ ਮੂਡ 'ਚ 'ਕਿਸਾਨ', ਲੜ ਸਕਦੇ ਨੇ ਵਿਧਾਨ ਸਭਾ ਚੋਣਾਂ!
ਉਨ੍ਹਾਂ ਹੇਮਾ ਮਾਲਿਨੀ ਦੇ ਬਿਆਨ ਕਿ ਕਿਸਾਨਾਂ ਨੂੰ ਪਤਾ ਹੀ ਨਹੀਂ ਹੈ ਕਿ ਖੇਤੀ ਕਾਨੂੰਨ ਕੀ ਹਨ, 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸਾਰੇ ਕਿਸਾਨ, ਮਜ਼ਦੂਰ, ਕਾਰੋਬਾਰੀ ਅਤੇ ਹੋਰ ਲੋਕ ਦਿੱਲੀ ਦੇ ਬਾਰਡਰਾਂ 'ਤੇ ਬਿਨਾਂ ਦਿਮਾਗ ਤੋਂ ਹੀ ਨਹੀਂ ਬੈਠੇ ਹਨ। ਇਸ ਮੌਕੇ ਉਨ੍ਹਾਂ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮੋਦੀ ਸਰਕਾਰ ਦੀ ਕੈਬਨਿਟ 'ਚ ਬੈਠ ਕੇ ਇਹ ਮਤਾ ਪਾਸ ਕਰਵਾਇਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵਿਧਾਨ ਸਭਾ 'ਚ ਇਸ ਮਤੇ ਨੂੰ ਰੱਦ ਕੀਤਾ ਸੀ, ਜਦੋਂ ਕਿ ਦੂਜੇ ਪਾਸੇ ਸੁਖਬੀਰ ਬਾਦਲ ਇਨ੍ਹਾਂ ਬਿੱਲਾਂ ਦੇ ਹੱਕ 'ਚ ਆਪਣੇ ਵਿਧਾਇਕਾਂ ਦੇ ਨਾਲ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਸਨ।
ਇਹ ਵੀ ਪੜ੍ਹੋ : ਬਰਡ ਫਲੂ : ਪਟਿਆਲਾ ਦੇ ਪਿੰਡ 'ਚ ਮਰੀਆਂ ਮੁਰਗੀਆਂ ਦੀ ਰਿਪੋਰਟ ਆਈ ਸਾਹਮਣੇ, ਲੈਬ 'ਚ ਹੋਇਆ ਇਹ ਖ਼ੁਲਾਸਾ
ਇਹ ਸੀ ਹੇਮਾ ਮਾਲਿਨੀ ਦਾ ਬਿਆਨ
ਦੱਸਣਯੋਗ ਹੈ ਕਿ ਹੇਮਾ ਮਾਲਿਨੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਹਾ ਸੀ ਕਿ ਇਸ ਪ੍ਰਦਰਸ਼ਨ ’ਚ ਸ਼ਾਮਲ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ ਹੈ ਕਿ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਦੀਆਂ ਕਿਹੜੀਆਂ ਵਿਵਸਥਾਵਾਂ ਤੋਂ ਇਤਰਾਜ਼ ਹੈ। ਹੇਮਾ ਮਾਲਿਨੀ ਨੇ ਕਿਹਾ ਸੀ ਕਿ ਕਿਸਾਨ ਇਹ ਵੀ ਨਹੀਂ ਜਾਣਦੇ ਕਿ ਆਖ਼ਰ ਕਿਸਾਨ ਕਾਨੂੰਨਾਂ ਨੂੰ ਲੈ ਕੇ ਉਨ੍ਹਾਂ ਦੀ ਸਮੱਸਿਆ ਕੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਲੋਕ ਅੰਦੋਲਨ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਲਈ ਕਿਹਾ ਗਿਆ ਹੈ।
ਨੋਟ : ਹੇਮਾ ਮਾਲਿਨੀ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਦਿੱਤੇ ਜਵਾਬ ਬਾਰੇ ਦਿਓ ਰਾਏ