ਧਰਮਸੋਤ ਵੱਲੋਂ ਜੰਗਲਾਤ ਕਾਮਿਆਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ

Wednesday, Oct 30, 2019 - 05:55 PM (IST)

ਧਰਮਸੋਤ ਵੱਲੋਂ ਜੰਗਲਾਤ ਕਾਮਿਆਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ

ਚੰਡੀਗੜ੍ਹ (ਕਮਲ) : ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਨੀਤੀ ਅਧੀਨ ਆਉਂਦੇ ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਨੂੰ ਪੱਕਾ ਕਰਨ ਦੀ ਕਵਾਇਦ ਜਲਦ ਸ਼ੁਰੂ ਕੀਤੀ ਜਾਵੇਗੀ। ਅੱਜ ਇੱਥੇ ਜੰਗਲਾਤ ਵਿਭਾਗ ਨਾਲ ਸਬੰਧਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਧਰਮਸੋਤ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਦਿਹਾੜੀਦਾਰ ਕਾਮਿਆਂ ਦੀ ਸੀਨੀਅਰਤਾ ਸੂਚੀ 31 ਦਸੰਬਰ, 2019 ਤੱਕ ਜਾਰੀ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ 30 ਨਵੰਬਰ ਤੱਕ ਸਮੁੱਚੀਆਂ ਜਥੇਬੰਦੀਆਂ/ਸਬੰਧਤਾਂ ਕੋਲੋਂ ਇਤਰਾਜ਼ ਲੈ ਕੇ ਸੀਨੀਅਰਤਾ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾਵੇ। ਉਨ੍ਹਾਂ ਸੀਨੀਅਰਤਾ ਸੂਚੀ ਸਬੰਧੀ ਬਣਾਈ ਸਕਰੀਨਿੰਗ ਕਮੇਟੀ ਨੂੰ ਮੁਲਾਜ਼ਮ ਜਥੇਬੰਦੀਆਂ ਨਾਲ ਨਵੰਬਰ ਦੇ ਪਹਿਲੇ ਹਫ਼ਤੇ ਇਕ ਵਿਸ਼ੇਸ਼ ਮੀਟਿੰਗ ਕਰਕੇ ਬਕਾਇਆ ਮਸਲੇ ਹੱਲ ਲਈ ਵੀ ਕਿਹਾ। 

ਧਰਮਸੋਤ ਨੇ ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਦੀਆਂ ਪਿਛਲੇ ਦੋ-ਤਿੰਨ ਮਹੀਨਿਆਂ ਦੀਆਂ ਰੁਕੀਆਂ ਤਨਖ਼ਾਹਾਂ ਜਲਦ ਜਾਰੀ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਭਵਿੱਖ 'ਚ ਸਬੰਧਤਾਂ ਦੀਆਂ ਤਨਖ਼ਾਹਾਂ ਹਰ ਮਹੀਨੇ ਜਾਰੀ ਕਰਨ ਨੂੰ ਯਕੀਨੀ ਬਣਾਇਆ ਜਾਵੇ। ਜੰਗਲਾਤ ਮੰਤਰੀ ਨੇ ਜਥੇਬੰਦੀਆਂ ਦੀਆਂ ਹੋਰਨਾਂ ਜਾਇਜ਼ ਮੰਗਾਂ ਨੂੰ ਵੀ ਨਿਯਮਾਂ ਅਨੁਸਾਰ ਹੱਲ ਕਰਨ ਦਾ ਭਰੋਸਾ ਦਿੱਤਾ।


author

Gurminder Singh

Content Editor

Related News