ਨਾਭਾ ਜੇਲ ’ਚ ਸਾਧੂ ਸਿੰਘ ਧਰਮਸੌਤ ਨਾਲ ਮੁਲਾਕਾਤ ਕਰਨ ਪਹੁੰਚੇ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ

Wednesday, Jul 06, 2022 - 01:16 PM (IST)

ਨਾਭਾ ਜੇਲ ’ਚ ਸਾਧੂ ਸਿੰਘ ਧਰਮਸੌਤ ਨਾਲ ਮੁਲਾਕਾਤ ਕਰਨ ਪਹੁੰਚੇ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ

ਨਾਭਾ (ਰਾਹੁਲ ਖੁਰਾਣਾ) : ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਾਭਾ ਜੇਲ ’ਚ ਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਨਾਲ ਮੁਲਾਕਾਤ ਕਰਨ ਲਈ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਭਾ ਜੇਲ ’ਚ ਪਹੁੰਚੇ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ ’ਚ ਬੰਦ ਹੋਣ ਤੋਂ ਬਾਅਦ ਪਹਿਲੀ ਵਾਰ ਕਿਸੇ ਕਾਂਗਰਸੀ ਆਗੂ ਵਲੋਂ ਧਰਮਸੌਤ ਨਾਲ ਜੇਲ ਵਿਚ ਪਹੁੰਚ ਕੇ ਮੁਲਾਕਾਤ ਕੀਤੀ ਗਈ ਹੈ। ਨਾਭਾ ਜੇਲ ਪਹੁੰਚੇ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ। 

ਇਥੇ ਇਹ ਦੱਸਣਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਸਾਧੂ ਸਿੰਘ ਧਰਮਸੌਤ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਨਜ਼ਰ ਆ ਰਹੀ ਹੈ। ਉਨ੍ਹਾਂ ਖ਼ਿਲਾਫ਼ ਵੀ ਜਨ ਪ੍ਰਤੀਨਿਧ ਐਕਟ ਤਹਿਤ ਕਾਰਵਾਈ ਦੀ ਤਲਵਾਰ ਲਟਕ ਗਈ ਹੈ। ਇਹ ਤਲਵਾਰ ਧਰਮਸੌਤ ਖ਼ਿਲਾਫ਼ ਚੱਲ ਰਹੀ ਵਿਜੀਲੈਂਸ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਵੱਲੋਂ ਚੋਣ ਕਮਿਸ਼ਨ ਨੂੰ ਭੇਜੀ ਗਈ ਚਿੱਠੀ ਕਾਰਨ ਲਟਕੀ ਹੈ। ਚੋਣ ਕਮਿਸ਼ਨ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚੋਣ ਕਮਿਸ਼ਨ ਨੂੰ ਭੇਜੀ ਚਿੱਠੀ 'ਚ ਕਿਹਾ ਗਿਆ ਹੈ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਾਧੂ ਸਿੰਘ ਦੀ ਪਤਨੀ ਸ਼ੀਲਾ ਦੇਵੀ ਦੇ ਨਾਮ ਧਰਮਸੌਤ ਨੇ ਚੰਡੀਗੜ੍ਹ ਦੇ ਨਾਲ ਮੋਹਾਲੀ ਦੇ ਸੈਕਟਰ 80 'ਚ ਪਲਾਟ ਨੰਬਰ-27 ਖ਼ਰੀਦਿਆ ਸੀ।

ਇਹ ਰਿਹਾਇਸ਼ੀ ਪਲਾਟ 500 ਵਰਗ ਗਜ਼ ਦਾ ਸੀ, ਜੋ ਮਈ 2021 'ਚ ਖ਼ਰੀਦਿਆ ਗਿਆ ਸੀ ਅਤੇ ਗਮਾਡਾ ਦੇ ਰਿਕਾਰਡ ਅਨੁਸਾਰ ਇਹ ਪਲਾਟ 9 ਜੂਨ 2021 ਨੂੰ ਸਾਧੂ ਸਿੰਘ ਧਰਮਸੌਤ ਦੀ ਪਤਨੀ ਸ਼ੀਲਾ ਦੇਵੀ ਦੇ ਨਾਂ ਤਬਦੀਲ ਕਰ ਦਿੱਤਾ ਗਿਆ ਸੀ। ਸ਼ੀਲਾ ਦੇਵੀ ਨੇ 2 ਮਾਰਚ 2022 ਨੂੰ ਇਕ ਅਰਜ਼ੀ ਰਾਹੀਂ ਰਾਜ ਕੁਮਾਰ ਅਤੇ ਕਸ਼ਮੀਰ ਸਿੰਘ ਦੇ ਨਾਂ ’ਤੇ ਗਮਾਡਾ ਤੋਂ ਉਕਤ 500 ਵਰਗ ਗਜ ਦਾ ਪਲਾਟ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ।


author

Gurminder Singh

Content Editor

Related News