ਭਗਵੰਤ ਮਾਨ ਵਲੋਂ ਵਾਇਰਲ ਵੀਡੀਓ ''ਚ ਕੀਤੇ ਚੈਲਿੰਜ ''ਤੇ ਧਰਮਸੋਤ ਦਾ ਪਲਟਵਾਰ

05/06/2019 9:57:19 AM

ਚੰਡੀਗੜ੍ਹ (ਕਮਲ) - 'ਆਪ' ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਸ਼ੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਆਪ ਵਿਧਾਇਕਾਂ ਨੂੰ ਖਰੀਦੇ ਜਾਣ ਦੇ ਇਲਜਾਮ ਲਗਾਏ ਗਏ ਹਨ। ਇਸ ਦੌਰਾਨ ਇਲਜਾਮ ਲਗਾਉਂਦਿਆਂ ਜੋ ਚੈਲੇਂਜ ਕੀਤਾ ਗਿਆ ਹੈ ਕਿ 'ਜੇ ਹਿੰਮਤ ਹੈ ਤਾਂ ਮੁੱਖ ਮੰਤਰੀ ਉਨ੍ਹਾਂ ਨੂੰ ਖਰੀਦ ਕੇ ਦਿਖਾਉਣ' ਦਾ ਮੋੜਵਾਂ ਜਵਾਬ ਸੂਬੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਦਿੱਤਾ ਗਿਆ ਹੈ। ਜੰਗਲਾਤ ਮੰਤਰੀ ਧਰਮਸੋਤ ਨੇ ਕਿਹਾ ਕਿ ਭਗਵੰਤ ਮਾਨ ਦੀ ਹਾਲਤ ਉਸ ਹਾਰੇ ਹੋਏ ਜੁਆਰੀਏ ਵਰਗੀ ਹੈ, ਜੋ ਜੂਏ 'ਚ ਸਭ ਕੁੱਝ ਹਾਰਨ ਮਗਰੋਂ ਬਿਨ੍ਹਾ ਮਤਲਬ ਲੜਾਈ 'ਤੇ ਉਤਰ ਆਉਂਦਾ ਹੈ। ਇਸੇ ਕਰਕੇ ਭਗਵੰਤ ਮਾਨ ਬਿਨ੍ਹਾਂ ਸਬੂਤਾਂ ਦੇ ਬੇਬੁਨਿਆਦ ਬਿਆਨਬਾਜ਼ੀ 'ਤੇ ਉਤਰ ਆਏ ਹਨ,|ਜਦਕਿ ਵਿਧਾਨ ਸਭਾ 'ਚ 78 ਵਿਧਾਇਕਾਂ ਨਾਲ ਕਾਂਗਰਸ ਬਹੁਮਤ 'ਚ ਹੈ। 

ਉਨ੍ਹਾਂ ਕਿਹਾ ਕਿ ਜੋ ਵਿਧਾਇਕ ਕਾਂਗਰਸ 'ਚ ਸ਼ਾਮਲ ਹੋਏ ਹਨ ਜਾਂ ਹੋਣ ਜਾ ਰਹੇ ਹਨ, ਉਹ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਵਿਕਾਸ ਨੂੰ ਲੈ ਕੇ ਅਪਣਾਈ ਜਾ ਰਹੀ ਉੁਸਾਰੂ ਅਤੇ ਨਿੱਘਰ ਸੋਚ ਅਤੇ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਦੀ ਬਦੌਲਤ ਸ਼ਾਮਲ ਹੋ ਰਹੇ ਹਨ, ਨਾ ਕਿ ਖਰੀਦੋ ਫਰੋਖਤ ਨਾਲ। ਭਗਵੰਤ ਮਾਨ ਵਲੋਂ ਮੁੱਖ ਮੰਤਰੀ ਨੂੰ ਕੀਤੇ ਗਏ ਚੈਲੇਂਜ ਦਾ ਕੈਬਨਿਟ ਮੰਤਰੀ ਧਰਮਸੋਤ ਨੇ ਵਿਅੰਗਮਈ ਅੰਦਾਜ 'ਚ ਜਵਾਬ ਦਿੰਦਿਆਂ ਕਿਹਾ ਕਿ, ਲੱਗਦੈ ਭਗਵੰਤ ਮਾਨ ਨੂੰ ਗਿਆਨ ਦੀ ਘਾਟ ਹੈ, ਕਿਉਂਕਿ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰ ਕੋਈ ਚੰਗਾ ਸਮਾਨ ਲੈਂਦਾ ਹੈ, ਨਾ ਕਿ ਬੇਕਾਰ ਸਮਾਨ। ਅਸਲ 'ਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪੰਜਾਬ ਦੇ ਲੋਕ ਰੱਦ ਕਰਕੇ ਰੱਦੀ ਦੀ ਟੋਕਰੀ 'ਚ ਸੁੱਟ ਚੁੱਕੇ ਹਨ ਅਤੇ ਭਗਵੰਤ ਮਾਨ ਦੇ ਪੱਲੇ ਹੁਣ ਕੁੱਝ ਨਹੀਂ ਰਿਹਾ,|ਇਸੇ ਲਈ ਉਹ ਬਿਨ੍ਹਾ ਵਜਾ ਅੱਗ ਬਬੂਲਾ ਹੁੰਦਿਆਂ ਅਜਿਹੀ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਭਗਵੰਤ ਮਾਨ ਦੀ ਅਗਵਾਈ 'ਚ ਆਪ ਦਿਨ-ਬ-ਦਿਨ ਗਿਰਦੀ ਜਾ ਰਹੀ ਹੈ ਤੇ ਉਸਦੇ ਦੇ ਵਿਧਾਇਕ ਇਕ-ਇਕ ਕਰਕੇ ਆਪ ਨੂੰ ਛੱਡਦੇ ਜਾ ਰਹੇ ਹਨ। ਅੰਤ 'ਚ ਕੈਬਨਿਟ ਮੰਤਰੀ ਧਰਮਸੋਤ ਨੇ ਦਾਅਵਾ ਕੀਤਾ ਕਿ ਆਪ ਉਮੀਦਵਾਰਾਂ ਦਾ ਜਿੱਤਣਾ ਤਾਂ ਦੂਰ ਦੀ ਗੱਲ, ਉਹ ਆਪਣੀਆਂ ਜਮਾਨਤਾਂ ਵੀ ਨਹੀਂ ਬਚਾਅ ਸਕਣਗੇ, ਜਦਕਿ 2019 ਦੀ ਜੰਗ 'ਚ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ 'ਚ ਕਾਂਗਰਸ ਦਾ ਪੰਜਾਬ ਮਿਸ਼ਨ 13 ਸੌ ਫੀਸਦ ਸਫ਼ਲ ਹੋਵੇਗਾ।


rajwinder kaur

Content Editor

Related News