ਕੈਨੇਡਾ ਤੋਂ ਆਈ ਖ਼ਬਰ ਨੇ ਪੰਜਾਬ ''ਚ ਬੈਠੇ ਮਾਪਿਆਂ ਦਾ ਤੋੜ''ਤਾ ਲੱਕ, ਭਿਆਨਕ ਹਾਦਸੇ ''ਚ ਇਕਲੌਤੇ ਪੁੱਤ ਦੀ ਹੋਈ ਮੌਤ
Friday, Jan 24, 2025 - 07:42 PM (IST)
ਹਠੂਰ (ਸਰਬਜੀਤ ਭੱਟੀ)- ਕੈਨੇਡਾ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਹਠੂਰ ਦੇ ਜੰਮਪਲ ਨੌਜਵਾਨ ਅਰਸ਼ਪ੍ਰੀਤ ਸਿੰਘ (24) ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਕੇ 'ਤੇ ਮੌਤ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਅਤੇ ਨੰਬਰਦਾਰ ਮੇਹਰਦੀਪ ਸਿੰਘ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਬਹੁਤ ਹੀ ਲਾਇਕ ਲੜਕਾ ਸੀ, ਜੋ 2021 ਵਿਚ ਆਈਲੈਟਸ ਕਰਕੇ ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਰਹਿ ਰਿਹਾ ਸੀ ਅਤੇ ਟਰਾਲਾ ਚਲਾਉਂਦਾ ਸੀ।
ਇਹ ਵੀ ਪੜ੍ਹੋ- ਪੰਜਾਬ ਦੀ ਬਦਲ ਜਾਵੇਗੀ ਨੁਹਾਰ ! ਮਿਲ ਗਈ 426 ਕਰੋੜ ਦੀ ਗ੍ਰਾਂਟ
ਉਹ ਆਪਣੇ ਟਰਾਲੇ 'ਤੇ ਇਗਨੇਸ (ਓਨਟਾਰੀਓ) ਤੋਂ ਲਗਭਗ 50 ਕੁ ਕਿਲੋਮੀਟਰ ਅੱਗੇ ਗਿਆ ਤਾਂ ਅਚਾਨਕ ਆਹਮੋ-ਸਾਹਮਣੇ ਟਰਾਲਿਆਂ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਦਰਦਨਾਕ ਹਾਦਸੇ 'ਚ ਅਰਸ਼ਪ੍ਰੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦਾ ਅਜੇ ਵਿਆਹ ਨਹੀਂ ਸੀ ਹੋਇਆ। ਉਸ ਨੇ ਸੀ.ਬੀ.ਐੱਸ.ਸੀ. ਬੋਰਡ ਤੋਂ ਦਸਵੀਂ ਕਲਾਸ 'ਚ 96 ਫੀਸਦੀ ਅੰਕ ਲੈ ਕੇ ਪਾਸ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅਰਸ਼ਪ੍ਰੀਤ ਛੋਟੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਆਰਥਿਕ ਤੰਗੀ ਦੇ ਬਾਵਜੂਦ ਉਸ ਦੇ ਮਾਪਿਆਂ ਨੇ ਸੁਨਹਿਰੇ ਭਵਿੱਖ ਲਈ ਉਸ ਨੂੰ ਪੜ੍ਹਾ ਕੇ ਕੈਨੇਡਾ 'ਚ ਰੋਜ਼ੀ-ਰੋਟੀ ਲਈ ਤੋਰਿਆ ਸੀ, ਪਰ ਇਸ ਦੁਖਦਾਈ ਖ਼ਬਰ ਨੇ ਮਾਪਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਅਰਸ਼ਪ੍ਰੀਤ ਮਾਪਿਆਂ ਦਾ ਇਕੋ ਇਕ ਸਹਾਰਾ ਸੀ। ਉਹ ਬਹੁਤ ਮਿਹਨਤੀ ਤੇ ਹੋਣਹਾਰ ਲੜਕਾ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ 'ਚ ਰਹਿ ਰਹੇ ਪਿੰਡ ਹਠੂਰ ਵਾਸੀਆਂ ਵਲੋਂ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਅਰਸ਼ਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ- 'ਬਰਫ਼ੀ' ਦੇ ਪੀਸ ਨੇ ਫ਼ਸਾ'ਤਾ ਠੱਗ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e