ਸਆਦਤ ਹਸਨ ਮੰਟੋ: 7 ਸਾਲਾ ਬੱਚੇ ਦੇ ਨਜ਼ਰੀਏ ਤੋਂ ਦਰਸਾਉਂਦੀ ਲਿਖੀ ਸੀ ਜਲ੍ਹਿਆਂਵਾਲ਼ੇ ਬਾਗ਼ ਦੀ ਕਹਾਣੀ (ਵੀਡੀਓ)
Monday, May 11, 2020 - 06:52 PM (IST)
ਜਲੰਧਰ (ਬਿਊਰੋ) - ਸਆਦਤ ਹਸਨ ਮੰਟੋ ਦਾ ਜਨਮ 11 ਮਈ, 1912 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ ਨੇੜੇ) ਵਿਚ ਹੋਇਆ। ਉਨ੍ਹਾਂ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ। ਮੈਟ੍ਰਿਕ ਤੋਂ ਬਾਅਦ ਮੰਟੋ ਨੇ 1931 'ਚ ਉਨ੍ਹਾਂ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਵਿਚ ਦਾਖਲਾ ਲੈ ਲਿਆ। ਉਸ ਸਮੇਂ ਅੰਮ੍ਰਿਤਸਰ 'ਚ ਕ੍ਰਾਂਤੀਕਾਰੀ ਗਤੀਵਿਧੀਆਂ ਜ਼ੋਰਾਂ ’ਤੇ ਸਨ। ਗਲੀਆਂ ਮੁਹੱਲਿਆਂ 'ਚ "ਇੰਨਕਲਾਬ-ਜ਼ਿੰਦਾਬਾਦ" ਦੇ ਨਾਅਰੇ ਗੂੰਜਿਆ ਕਰਦੇ ਸਨ। 1932 'ਚ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਤਾਂ ਉਸ ਸਮੇਂ ਮੰਟੋ ਦੇ ਪਿਤਾ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਮੰਟੋ ਦਾ ਝੁਕਾਅ ਕ੍ਰਾਂਤੀਵਾਦੀ ਸੋਚ ਵੱਲ ਹੋਰ ਵੀ ਵਧੇਰੇ ਹੋ ਗਿਆ।
ਉਨ੍ਹਾਂ ਦਿਨਾਂ 'ਚ ਮੰਟੋ ਦੀ ਮੁਲਾਕਾਤ ਇਕ ਪੱਤਰਕਾਰ ਅਬਦੁਲ ਜਾਫ਼ਰੀ ਨਾਲ ਹੋਈ। ਜਿਸਨੇ ਮੰਟੋ ਨੂੰ ਰਸ਼ੀਅਨ ਅਤੇ ਫ੍ਰੈਂਚ ਸਾਹਿਤ ਪੜਨ ਦੀ ਸਲਾਹ ਦਿੱਤੀ। ਮੰਟੋ ਨੇ ਬਹੁਤ ਸਾਰੇ ਰਸ਼ੀਅਨ ਸਾਹਿਤ ਦਾ ਉਰਦੂ ਵਿਚ ਅਨੁਵਾਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਆਪਣੀ ਪਹਿਲੀ ਕਹਾਣੀ ਤਮਾਸ਼ਾ ਲਿਖੀ, ਜੋ ਜਲਿਆਂਵਾਲਾ ਬਾਗ ਦੇ ਸਾਕੇ ਨੂੰ ਸੱਤ ਸਾਲਾ ਬੱਚੇ ਦੇ ਨਜ਼ਰੀਏ ਤੋਂ ਦਰਸਾਉਂਦੀ ਹੈ। ਸਾਲ 1941 'ਚ ਉਨ੍ਹਾਂ "ਆਲ ਇੰਡੀਆ ਰੇਡੀਓ" ਲਈ ਕੰਮ ਕਰਦਿਆਂ ਕਈ ਮਿੰਨੀ ਕਹਾਣੀਆਂ 'ਤੇ ਲੇਖ ਲਿਖੇ। ਜੋ ਅੱਗੇ ਜਾਕੇ ਬਹੁਤ ਚਰਚਿਤ ਹੋਏ। ਮੰਟੋ ਕੇ ਅਫ਼ਸਾਨੇ, ਧੂੰਆਂ, ਅਫ਼ਸਾਨੇ ਔਰ ਡਰਾਮੇ, ਲਜ਼ਤ-ਏ-ਸੰਗ, ਸਿਆਹ ਹਾਸ਼ੀਏ, ਬਾਦਸ਼ਾਹਤ ਕਾ ਖਾਤਮਾ, ਖਾਲੀ ਬੋਤਲੇਂ, ਨਿਮਰੂਦ ਕੀ ਖ਼ੁਦਾਈ, ਠੰਡਾ ਗੋਸ਼ਤ, ਯਾਜਿਦ, ਪਰਦੇ ਕੇ ਪੀਛੇ, ਸੜਕ ਕੇ ਕਿਨਾਰੇ, ਬਗੈਰ ਉਨਵਾਨ ਕੇ, ਬਗੈਰ ਇਜਾਜ਼ਤ, ਬੁਰਕੇ, ਫੂੰਦੇ, ਸਰਕੰਡੋਂ ਕੇ ਪੀਛੇ, ਸ਼ੈਤਾਨ, ਸ਼ਿਕਾਰੀ ਔਰਤੇਂ, ਰੱਤੀ,ਮਾਸ਼ਾ,ਤੋਲਾ, ਕਾਲੀ ਸ਼ਲਵਾਰ, ਮੰਟੋ ਦੀਆਂ ਬੇਹਤਰੀਨ ਕਹਾਣੀਆਂ ਹਨ।
ਸਆਦਤ ਹਸਨ ਮੰਟੋ ਦੇ ਬਾਰੇ ਹੋਣ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...