ਧਰਮਸੋਤ ਦੀ ਗ੍ਰਿਫਤਾਰੀ ਲਈ ਨਾਭਾ 'ਚ ਰੈਲੀ ਕਰੇਗਾ ਸ਼੍ਰੋਮਣੀ ਅਕਾਲੀ ਦਲ
Wednesday, Oct 14, 2020 - 06:25 PM (IST)
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਨੇ ਐਲਾਨ ਕੀਤਾ ਕਿ ਉਸ ਵਲੋਂ 2 ਨਵੰਬਰ ਨੂੰ ਨਾਭਾ 'ਚ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ 'ਚ ਐੱਸ. ਸੀ. ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕਰਨ ਅਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾਵੇਗੀ। ਪਾਰਟੀ ਨੇ ਸੂਬੇ ਦੀਆਂ ਸਾਰੀਆਂ ਅਨੁਸੂਚਿਤ ਜਾਤੀ ਐਸੋਸੀਏਸਨਾਂ ਨੂੰ ਇਕਜੁੱਟ ਹੋ ਕੇ ਦਲਿਤ ਵਿਦਿਆਰਥੀਆਂ ਜਿਨ੍ਹਾਂ ਦੀ ਸਕਾਲਰਸ਼ਿਪ ਦੀ ਰਾਸ਼ੀ ਧਰਮਸੋਤ ਅਤੇ ਉਸ ਦੇ ਸਾਥੀਆਂ ਨੇ ਹੜੱਪ ਲਈ ਹੈ, ਦੇ ਵਾਸਤੇ ਨਿਆਂ ਮੰਗਿਆ ਜਾਵੇਗਾ। ਇਸ ਬਾਬਤ ਫੈਸਲਾ ਪਾਰਟੀ ਦੀ 27 ਮੈਂਬਰੀ ਕਮੇਟੀ ਦੀ ਮੀਟਿੰਗ 'ਚ ਲਿਆ ਗਿਆ। ਦਲਿਤ ਮਾਮਲਿਆਂ 'ਤੇ ਬਣਾਈ ਪਾਰਟੀ ਦੀ ਇਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਡਾ. ਚਰਨਜੀਤ ਸਿੰਘ ਅਟਵਾਲ ਨੇ ਕੀਤੀ। ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਚਰਨਜੀਤ ਸਿੰਘ ਅਟਵਾਲ ਅਤੇ ਐੱਸ. ਸੀ. ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਨੇ ਦੱਸਿਆ ਕਿ ਨਾਭਾ ਵਿਖੇ 2 ਨਵੰਬਰ ਨੂੰ ਵਿਸ਼ਾਲ ਰੈਲੀ ਕਰ ਕੇ ਧਰਮਸੋਤ ਨੂੰ ਬਰਖ਼ਾਸਤ ਕਰਨ ਅਤੇ ਗ੍ਰਿਫਤਾਰ ਕਰਨ ਅਤੇ ਕੇਸ ਸੀ. ਬੀ. ਆਈ. ਹਵਾਲੇ ਕਰਨ ਦੀ ਮੰਗ ਕਰਨ ਤੋਂ ਇਲਾਵਾ ਨਵੰਬਰ ਮਹੀਨੇ 'ਚ ਹੀ ਫਗਵਾੜਾ ਵਿਚ ਰੈਲੀ ਕੀਤੀ ਜਾਵੇਗੀ। ਇਸ ਦੌਰਾਨ ਮੰਗ ਕੀਤੀ ਜਾਵੇਗੀ ਕਿ ਸਾਬਕਾ ਐੱਸ. ਸੀ. ਭਲਾਈ ਡਾਇਰੈਕਟਰ ਤੇ ਵਿਧਾਇਕ ਬਣੇ ਬਲਵਿੰਦਰ ਸਿੰਘ ਢਿੱਲੋਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜੋ ਕਿ 69 ਕਰੋੜ ਰੁਪਏ ਦੇ ਐੱਸ. ਸੀ. ਸਕਾਲਰਸ਼ਿਪ ਘੋਟਾਲੇ ਦਾ ਮੁੱਖ ਦੋਸ਼ੀ ਹੈ।
ਇਹ ਵੀ ਪੜ੍ਹੋ : ਮੀਟਿੰਗ ਕਰ ਰਹੇ ਭਾਜਪਾ ਵਰਕਰਾਂ ਦਾ ਕਿਸਾਨਾਂ ਵਲੋਂ ਘਿਰਾਓ, ਪੁਲਸ ਨੇ ਕੀਤਾ ਲਾਠੀਚਾਰਜ
ਸੀਨੀਅਰ ਦਲਿਤ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਧਰਮਸੋਤ ਅਤੇ ਢਿੱਲੋਂ ਦੀ ਨਿਖੇਧੀ ਨਾ ਕੀਤੀ ਅਤੇ ਦਲਿਤ ਵਿਦਿਆਰਥੀਆਂ ਦੀ ਹਮਾਇਤ 'ਚ ਨਾ ਨਿੱਤਰੇ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਦੇ ਘਰਾਂ ਦਾ ਘਿਰਾਓ ਕਰੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ਼ਗਨ ਸਕੀਮ ਅਤੇ ਬੁੱਢਾਪਾ ਪੈਨਸ਼ਨਾਂ 'ਚ ਹੋਈਆਂ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਡਾ. ਅਟਵਾਲ ਅਤੇ ਰਾਣੀਕੇ ਨੇ ਸਾਰੀਆਂ ਦਲਿਤ ਵਿਦਿਆਰਥੀ ਯੂਨੀਅਨਾਂ ਅਤੇ ਐੱਸ. ਸੀ. ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਤਿੰਨ ਲੱਖ ਐੱਸ. ਸੀ. ਵਿਦਿਆਰਥੀਆਂ ਦੀ ਇਸ ਲੜਾਈ 'ਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ। ਇਨ੍ਹਾਂ ਆਗੂਆਂ ਨੇ ਕਿਹਾ ਕਿ ਐੱਸ. ਸੀ. ਵਿੰਗ ਸਾਰੇ ਦਲਿਤ ਸੰਗਠਨਾਂ ਨੂੰ ਨਾਲ ਲੈ ਕੇ ਦਲਿਤ ਵਿਦਿਆਰਥੀਆਂ ਦੀ ਲੜਾਈ ਲੜੇਗਾ। 27 ਮੈਂਬਰੀ ਕਮੇਟੀ ਨੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਹਾਥਰਸ ਜ਼ਬਰ ਜਨਾਹ ਕੇਸ ਨੂੰ ਸਹੀ ਤਰੀਕੇ ਨਾਲ ਨਾ ਨਜਿੱਠਣ ਅਤੇ ਪੀੜਤਾ ਦਾ ਜ਼ਬਰੀ ਸਸਕਾਰ ਕਰਨ ਦੀ ਵੀ ਨਿਖੇਧੀ ਕੀਤੀ। ਇਹ ਵੀ ਮੰਗ ਕੀਤੀ ਕਿ ਇਸ ਘਿਨੌਣੇ ਅਪਰਾਧ ਲਈ ਜ਼ਿੰਮੇਵਾਰ ਸਾਰੇ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।
ਇਹ ਵੀ ਪੜ੍ਹੋ : ਭਾਈ ਲੌਂਗੋਵਾਲ ਦੀ ਪ੍ਰਧਾਨਗੀ 'ਚ ਕਮੇਟੀ ਦੀ ਇਕੱਤਰਤਾ, ਪਾਵਨ ਸਰੂਪਾਂ ਦੇ ਦੋਸ਼ੀ ਨੂੰ ਸਜ਼ਾਵਾਂ ਦੇਣ ਦੀ ਅਪੀਲ
ਕਮੇਟੀ ਨੇ ਫਤਹਿਗੜ੍ਹ ਸਾਹਿਬ ਦੇ ਦੋ ਪਿੰਡਾਂ 'ਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਵੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਨਾ ਸਿਰਫ਼ ਇਸ ਘਿਨੌਣੇ ਅਪਰਾਧ ਲਈ ਜ਼ਿੰਮੇਵਾਰ ਅਨਸਰ ਨੂੰ ਗ੍ਰਿਫਤਾਰ ਕਰੇ ਸਗੋਂ ਸਾਂਤੀ ਅਤੇ ਫਿਰਕੂ ਸਦਭਾਵਨਾ ਭੰਗ ਕਰਨ ਦੇ ਯਤਨਾਂ ਪਿੱਛੇ ਸਾਜਿਸ਼ ਵੀ ਬੇਨਕਾਬ ਕਰੇ। ਕਮੇਟੀ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਵੀ ਇੱਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਤਿੰਨ ਖੇਤੀ ਐਕਟਾਂ ਨਾਲ ਇਹ ਵਰਗ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਇਹ ਵੀ ਕਿਹਾ ਕਿ ਇਹ ਐਕਟ ਪੰਜਾਬ ਦੇ ਅਰਥਚਾਰੇ ਲਈ ਮੌਤ ਦਾ ਖੂਹ ਹਨ ਅਤੇ ਜੇਕਰ ਇਹ ਫੌਰੀ ਤੌਰ 'ਤੇ ਖਾਰਜ ਨਾ ਕੀਤੇ ਗਏ ਤਾਂ ਇਸ ਨਾਲ ਸੂਬੇ ਦੇ ਅਰਥਚਾਰੇ 'ਤੇ ਬਹੁਤ ਮਾਰੂ ਅਸਰ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਾਮਲੇ 'ਚ ਤੁਰੰਤ ਦਖਲ ਮੰਗਦਿਆਂ ਉਨ੍ਹਾਂ ਨੂੰ ਕਿਸਾਨ ਸੰਗਠਨਾਂ ਨਾਲ ਆਪ ਮੁਲਾਕਾਤ ਕਰਨ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ : ਤਰੁਣ ਚੁਘ ਦਾ ਖ਼ੁਲਾਸਾ, ਅਕਾਲੀ ਦਲ ਤੇ ਕਾਂਗਰਸ ਦੇ ਕਈ ਲੀਡਰ ਭਾਜਪਾ 'ਚ ਆਉਣ ਨੂੰ ਤਿਆਰ