ਅਕਾਲੀ ਦਲ ਵੱਲੋਂ ਕੈਪਟਨ ਨੂੰ ਮੂਣਕ ’ਚ ਆਏ ਹੜ੍ਹ ਦੀ ਸਮੀਖਿਆ ਕਰਨ ਦੀ ਅਪੀਲ
Saturday, Jul 31, 2021 - 06:41 PM (IST)
ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਮੂਣਕ ਵਿਚ ਆਏ ਹੜ੍ਹਾਂ ਨਾਲ ਹਜ਼ਾਰਾਂ ਏਕੜ ਜ਼ਮੀਨ ਮਾਰ ਹੇਠ ਆ ਜਾਣ ਦੇ ਹਾਲਾਤ ਦੀ ਤੁਰੰਤ ਸਮੀਖਿਆ ਕਰਨ ਅਤੇ ਤੁਰੰਤ ਹੜ੍ਹਾਂ ਤੋਂ ਰਾਹਤ ਵਾਲੇ ਕਦਮ ਚੁੱਕੇ ਜਾਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਪ੍ਰਭਾਵਤ ਪਿੰਡਾਂ ਵਿਚ ਕੋਈ ਰਾਹਤ ਟੀਮ ਤਾਇਨਾਤ ਨਹੀਂ ਕੀਤੀ ਅਤੇ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹਾਲਾਤ ਨੂੰ ਕਾਬੂ ਕਰਨ ਅਤੇ ਇਸ ਨੂੰ ਹੋਰ ਵਿਗੜਨ ਤੋਂ ਰੋਕਣ। ਮਲੂਕਾ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੁੰ ਖਾਣੇ ਦੇ ਪੈਕਟ ਅਤੇ ਸੁੱਕਾ ਰਾਸ਼ਨ ਪ੍ਰਦਾਨ ਕੀਤਾ ਜਾਵੇ ਅਤੇ ਦੁਧਾਰੂ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਐਮਰਜੰਸੀ ਹਾਲਾਤ ਦਾ ਸਾਹਮਣਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਣੀ ਉਤਰਣ ਤੋਂ ਬਾਅਦ ਜਿਹੜੇ ਕਿਸਾਨਾਂ ਦੀ ਝੋਨੇ ਦੀ ਫਸਲ ਮਾਰੀ ਗਈ ਹੈ, ਉਸਦੀ ਗਿਰਦਾਵਰੀ ਕਰਵਾਈ ਜਾਵੇ ਤੇ 30 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਅਗਲੇ ਚਾਰ ਮਹੀਨਿਆਂ ਤੱਕ ਸਭ ਅਹਿਮ ਮੁੱਦਿਆਂ ਨੂੰ ਹੱਲ ਕਰਨਗੇ ਕੈਪਟਨ, ਬਲਿਊ ਪ੍ਰਿੰਟ ਤਿਆਰ
ਅਕਾਲੀ ਆਗੂ ਨੇ ਕਿਹਾ ਕਿ ਹੜ੍ਹਾਂ ਦੇ ਮੌਜੂਦਾ ਹਾਲਾਤ ਕਾਂਗਰਸ ਸਰਕਾਰ ਦੇ ਕੁਪ੍ਰਬੰਧਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਫੀਲਡ ’ਚੋਂ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਸਥਾਨਕ ਪ੍ਰਸ਼ਾਸਨ ਬਹੁਤ ਲੋੜੀਂਦੇ ਹੜ੍ਹ ਰੋਕੂ ਕੰਮ ਕਰਨ ਵਿਚ ਨਾਕਾਮ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਵੀ ਖੇਤਾਂ ਵਿਚੋਂ ਪਾਣੀ ਮੁੜ ਘੱਗਰ ਦਰਿਆ ਵਿਚ ਪਾਉਣ ਲਈ ਪਾਈਪਾਂ ਦੀ ਮੇਨਟੇਨੈਂਸ ਨਹੀਂ ਕਰਵਾ ਸਕੀ ਅਤੇ ਨਾ ਹੀ ਇਨ੍ਹਾਂ ਦੀ ਸੰਭਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕੁਪ੍ਰਬੰਧਨ ਕਾਰਨ ਹੀ ਸੈਂਕੜੇ ਪਿੰਡਾਂ ਵਿਚ ਕਿਸਾਨਾਂ ਨੇ ਕੱਲ੍ਹ ਕੌਮੀ ਸ਼ਾਹ ਮਾਰਗ ਬਲਾਕ ਕਰ ਦਿੱਤੇ ਸਨ। ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਚਿਰ ਕਾਲੀ ਹੜ੍ਹ ਰੋਕੂ ਕੰਮ ਕਰਨ ’ਚ ਵੀ ਨਾਕਾਮ ਰਹੀ ਹੈ। ਘੱਗਰ ਦਰਿਆ ਦਾ ਕੰਮ ਵੀ ਕਈ ਸਾਲਾਂ ਤੋਂ ਠੱਪ ਹੈ । ਇਸੇ ਤਰੀਕੇ ਘੱਗਰ ਦੇ ਬੰਨ ਪੱਕੇ ਕਰਨ ਦਾ ਕੰਮ ਵੀ ਨਹੀਂ ਕੀਤਾ ਗਿਆ ਹਾਲਾਂਕਿ ਇਸਦੀ ਬਹੁਤ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਜਿਹੜੀਆਂ ਥਾਵਾਂ ਤੋਂ ਹੜ੍ਹਾਂ ਦਾ ਖ਼ਤਰਾ ਰਹਿੰਦਾ ਹੈ, ਉਨ੍ਹਾਂ ਲਈ ਮਾਨਸੂਨ ਸੀਜ਼ਨ ਤੋਂ ਪਹਿਲਾਂ ਪ੍ਰਬੰਧ ਨਹੀਂ ਕੀਤੇ ਗਏ ਅਤੇ ਮੌਜੂਦਾ ਹਾਲਾਤ ਬਣ ਗਏ ਹਨ।
ਇਹ ਵੀ ਪੜ੍ਹੋ : ਲਗਾਤਾਰ ਤੀਜੇ ਸਾਲ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ’ਚ ਸਰਕਾਰੀ ਸਕੂਲਾਂ ਦੀ ਝੰਡੀ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ