ਹਲਕਾ ਅਜਨਾਲਾ ''ਚ ਸ਼੍ਰੋਮਣੀ ਅਕਾਲੀ ਦਲ (ਬ) ਦੋ ਫਾੜ!

02/27/2020 1:57:36 PM

ਅਜਨਾਲਾ (ਬਾਠ) : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੀ ਸਿਆਸਤ 'ਚ ਨਵੀਂ ਸਿਆਸੀ ਹਲਚਲ ਪੈਦਾ ਕਰ ਦਿੱਤੀ ਸੀ। ਟਕਸਾਲੀ ਦਲ਼ ਵਜੋਂ ਵੱਖਰਾ ਧੜਾ ਕਾਇਮ ਕਰ ਕੇ ਪਾਰਟੀ ਤੋਂ ਵੱਖ ਸਰਗਰਮੀਆਂ ਚਲਾ ਰਹੇ ਧੜੇ ਦੇ ਸਰਗਰਮ ਆਗੂ ਅਤੇ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ 'ਚ ਮੁੜ ਸ਼ਾਮਿਲ ਕੀਤਾ ਗਿਆ, ਜਿੱਥੇ ਟਕਸਾਲੀ ਦਲ ਨੂੰ ਵੱਡੀ ਸਿਆਸੀ ਸੱਟ ਮਾਰੀ ਸੀ, ਉੱਥੇ ਹਲਕਾ ਅਜਨਾਲਾ ਦੀਆਂ ਸਿਆਸੀ ਸਫਾ 'ਚ ਵੀ ਨਵੀਂ ਚਰਚਾ ਛੇੜ ਕੇ ਲੋਕਾਂ 'ਚ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰ ਦਿੱਤੀ ਗਈ ਹੈ।

ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਹਲਕਾ ਅਜਨਾਲਾ 'ਚ ਭਾਵੇਂ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਜੋਂ ਵਿਚਰਦਿਆਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਦੂਜੇ ਪਾਸੇ ਬਾਦਲਾਂ ਵੱਲੋਂ ਮਜੀਠੀਆ ਦੇ ਕਰੀਬੀ ਜੋਧ ਸਿੰਘ ਸਮਰਾ ਨੂੰ ਹਲਕੇ ਦਾ ਇੰਚਾਰਜ ਲਾਇਆ ਗਿਆ ਸੀ, ਜਿਸ ਨੂੰ ਬੋਨੀ ਦੀ ਘਰ ਵਾਪਸੀ ਤੋਂ ਬਾਅਦ ਵੀ ਹਟਾਇਆ ਨਹੀਂ ਗਿਆ ਹੈ ਅਤੇ ਨਾ ਹੀ ਬਾਦਲਾਂ ਵੱਲੋਂ ਬੋਨੀ ਅਜਨਾਲਾ ਨੂੰ ਘਰ ਵਾਪਸੀ ਤੋਂ ਬਾਅਦ ਹਲਕਾ ਇੰਚਰਜ ਥਾਪਿਆ ਗਿਆ ਹੈ, ਜਿਸ ਕਾਰਨ ਪਾਰਟੀ ਵਰਕਰਾਂ 'ਚ ਸਥਿਤੀ ਭੂੰਬਲਭੂਸੇ ਵਾਲੀ ਬਣੀ ਹੋਈ ਹੈ ਕਿਉਂਕਿ ਅੱਜ ਤੋਂ ਕਰੀਬ ਡੇਢ ਸਾਲ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੋਨੀ ਅਮਰਪਾਲ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਇਸ ਤੋਂ ਬਾਅਦ ਬੋਨੀ ਅਮਰਪਾਲ ਸਿੰਘ ਅਜਨਾਲਾ ਤੇ ਡਾ. ਰਤਨ ਸਿੰਘ ਅਜਨਾਲਾ ਨੇ ਆਪਣੇ ਹਮ ਖਿਆਲੀ ਸਾਥੀਆਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨਾਲ ਰਲ ਕੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੋਂਦ 'ਚ ਲਿਆ ਕੇ ਬਾਦਲ ਧੜੇ ਦੇ ਵਿਰੋਧ 'ਚ ਸਿਆਸੀ ਸਰਗਰਮੀਆਂ ਵਿੱਢ ਦਿੱਤੀਆਂ ਸਨ, ਜਿਸ ਤੋਂ ਤਰੁੰਤ ਬਾਅਦ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਦੇ ਵਿਸ਼ੇਸ਼ ਉੱਦਮ ਨਾਲ ਹਲਕਾ ਅਜਨਾਲਾ 'ਚ ਰੈਲੀ ਕਰ ਕੇ ਜੋਧ ਸਿੰਘ ਸਮਰਾ ਨੂੰ ਪਾਰਟੀ ਦਾ ਹਲਕਾ ਅਜਨਾਲਾ ਇੰਚਾਰਜ ਨਿਯੁਕਤ ਕਰ ਕੇ ਪਾਰਟੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ।

ਇਸ ਦੌਰਾਨ ਹੀ ਹਲਕਾ ਅਜਨਾਲਾ ਦੇ ਇਕ ਵੱਡੇ ਧੜੇ ਨੇ ਬੋਨੀ ਅਜਨਾਲਾ ਤੇ ਡਾ. ਰਤਨ ਸਿੰਘ ਅਜਨਾਲਾ ਵਿਰੁੱਧ ਬਗਾਵਤ ਦਾ ਐਲਾਨ ਕਰਦਿਆਂ ਜਨਤਕ ਤੌਰ 'ਤੇ ਖੁੱਲ੍ਹੇਆਮ ਬਿਕਰਮ ਸਿੰਘ ਮਜੀਠੀਆ ਤੇ ਜੋਧ ਸਿੰਘ ਸਮਰਾ ਦਾ ਪੱਲਾ ਫੜ ਲਿਆ ਸੀ ਪਰ ਹੁਣ ਤਾਜ਼ਾ ਹਾਲਾਤ ਅਨੁਸਾਰ ਹਲਕਾ ਅਜਨਾਲਾ ਦੇ ਲੋਕ ਪਾਰਟੀ ਦੇ ਫੈਸਲੇ ਲੈ ਕੇ ਦੁਬਿਧਾ 'ਚ ਹਨ ਕਿ ਉਹ ਕਿਹੜੇ ਧੜੇ ਵੱਲ ਜਾਣ। ਬੋਨੀ ਅਮਰਪਾਲ ਸਿੰਘ ਅਜਨਾਲਾ ਵੀ ਹਲਕੇ 'ਚ ਵਿਚਰ ਰਹੇ ਹਨ ਦੂਸਰੇ ਪਾਸੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਦੀਆਂ ਹਲਕੇ ਅੰਦਰ ਸਿਆਸੀ ਸਰਗਰਮੀਆਂ ਕਾਰਣ ਦੁਚਿੱਤੀ 'ਚ ਹਨ ਕਿ ਉਹ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨਾਲ ਖੜ੍ਹ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਜਾਂ ਬੋਨੀ ਅਮਰਪਾਲ ਸਿੰਘ ਅਜਨਾਲਾ ਦੇ ਧੜੇ 'ਚ ਸ਼ਾਮਿਲ ਹੋਣ। ਪੇਂਡੂ ਤੇ ਸ਼ਹਿਰੀ ਸੱਥਾਂ 'ਚ ਚਰਚਾ ਹੈ ਕਿ ਬੋਨੀ ਅਮਰਪਾਲ ਸਿੰਘ ਅਜਨਾਲਾ ਜੋਧ ਸਿੰਘ ਸਮਰਾ ਕੋਲੋਂ ਹਲਕਾ ਇੰਚਾਰਜ ਦਾ ਅਹੁਦਾ ਹਥਿਆ ਲੈਣਗੇ ਜਾਂ ਪਾਰਟੀ ਦੇ ਬੀਬੇ ਪੁੱਤ ਦੀ ਤਰ੍ਹਾਂ ਪਾਰਟੀ ਦੇ ਵਰਕਰ ਬਣਕੇ ਪਾਰਟੀ ਲਈ ਕੰਮ ਕਰਨਗੇ। ਹਾਲਾਤ ਦੱਸਣਗੇ ਕਿ ਊਠ ਕਿਸ ਕਰਵਟ ਬੈਠਦਾ ਹੈ। ਪਰ ਹੁਣ ਇਕ ਮਿਆਨ 'ਚ ਦੋ ਤਲਵਾਰਾਂ ਨਹੀਂ ਪਾਈਆਂ ਜਾ ਸਕਦੀਆਂ। ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਅਜਨਾਲਾ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ 'ਚ ਵੱਡੀ ਸਿਆਸੀ ਉੱਥਲ ਪੁੱਥਲ ਹੋ ਸਕਦੀ ਹੈ। ਮਜੀਠੀਆ ਅਤੇ ਬੋਨੀ ਧੜੇ ਵਿਚਕਾਰ ਚੱਲ ਰਹੀ ਠੰਡੀ ਜੰਗ ਕੋਈ ਵੀ ਰੂਪ ਧਾਰਨ ਕਰ ਸਕਦੀ ਹੈ, ਜਿਸ ਨਾਲ ਸਿੱਧੇ ਰੂਪ 'ਚ ਨੁਕਸਾਨ ਬਾਦਲ ਦਲ ਨੂੰ ਹੋਵੇਗਾ।


Anuradha

Content Editor

Related News