''ਮੇਰੀ ਦਸਤਾਰ ਮੇਰੀ ਸ਼ਾਨ'' ਮੁਹਿੰਮ ਨਾਲ ਨੌਜਵਾਨ ਅਮੀਰ ਵਿਰਸੇ ਨੂੰ ਸੰਭਾਲਣ ਦਾ ਕਰਨਗੇ ਯਤਨ : ਰਾਜੂ ਖੰਨਾ
Thursday, Apr 12, 2018 - 12:57 PM (IST)

ਮਾਨਸਾ (ਸੰਦੀਪ ਮਿੱਤਲ)-ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਵਜੋਂ ਜਾਣੇ ਜਾਂਦੇ ਯੂਥ ਅਕਾਲੀ ਦਲ ਵਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇਕ ਰਾਜ ਪੱਧਰੀ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਕਰਨਗੇ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਦਫਤਰ ਵਿਖੇ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆ ਇਸ ਮੁਹਿੰਮ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਰਦਿਆਂ ਕਿਹਾ ਕਿ ਇਸ ਵੱਡੀ ਮੁਹਿੰਮ ਨਾਲ ਜਿੱਥੇ ਨੌਜਵਾਨਾਂ ਨੂੰ ਹੱਲਾਸ਼ੇਰੀ ਮਿਲੇਗੀ, ਉੱਥੇ ਅਮੀਰ ਵਿਰਸੇ ਨੂੰ ਵੀ ਨੌਜਵਾਨ ਸਾਂਭਣ ਦੇ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਨੇੜਿਓਂ ਹੋ ਕੇ ਦੇਖ ਰਹੇ ਹਨ। ਤਲਵੰਡੀਸਾਬੋ ਵਿਖੇ 14 ਅਪ੍ਰੈਲ ਨੂੰ ਹੋਣ ਵਾਲੇ ਇਸ ਇਤਿਹਾਸਿਕ ਸਮਾਗਮ 'ਚ ਪੂਰੇ ਪੰਜਾਬ 'ਚੋਂ ਨੌਜਵਾਨ ਇਸ ਮੁਹਿੰਮ ਵਿਚ ਸ਼ਾਮਿਲ ਹੋਣਗੇ ਅਤੇ ਪੱਗਾਂ ਬੰਨਣ ਦੇ ਮੁਕਬਾਲੇ ਵੀ ਕਰਵਾਏ ਜਾਣਗੇ। ਜੇਤੂ ਬੱਚਿਆਂ ਅਤੇ ਨੌਜਵਾਨਾਂ ਨੂੰ ਪਾਰਟੀ ਲੀਡਰਸ਼ਿਪ ਵਲੋਂ ਦਿਲ ਖਿੱਚਵੇਂ ਇਨਾਮ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਯੂਥ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਸੰਬੋਧਨ ਕਰਦਿਆ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੀ ਇਸ ਦਸਤਾਰ ਜਿੱਥੇ ਸਿੱਖ ਕੌਮ ਦਾ ਅਮੀਰ ਵਿਰਸਾ ਹੈ ਉੱਥੇ ਹੋਰ ਧਰਮ ਵੀ ਦਸਤਾਰ ਦਾ ਆਦਰ ਅਤੇ ਸਤਿਕਾਰ ਦਿਲੋਂ ਕਰਦੇ ਹਨ। ਉਨ੍ਹਾਂ ਰਾਜੂ ਖੰਨਾ ਨੂੰ ਵਿਸਵਾਸ਼ ਦਿਵਾਇਆ ਕਿ ਮਾਨਸਾ ਜ਼ਿਲੇ ਵਿਚੋਂ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨਾਂ ਦਾ ਕਾਫਲਾ ਇਸ ਸਮਾਗਮ ਵਿਚ ਸ਼ਾਮਿਲ ਹੋਵੇਗਾ। ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਰਾੜਾ ਅਤੇ ਯੂਥ ਅਕਾਲੀ ਦਲ ਦੇ ਮਾਲਵਾ ਜਰਨਲ ਸਕੱਤਰ ਰਘਵੀਰ ਸਿੰਘ ਮਾਨਸਾ ਨੇ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਦੇ ਇੰਚਾਰਜ ਰਾਜੂ ਖੰਨਾ ਅਤੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਆਈ.ਟੀ ਵਿੰਗ ਦੇ ਜ਼ਿਲਾ ਪ੍ਰਧਾਨ ਹਰਮਨਜੀਤ ਸਿੰਘ ਭੰਮਾ, ਐੱਸ.ਓ.ਆਈ ਮਾਲਵਾ ਜੋਨ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੀ ਮੋਜੂਦ ਸਨ।