ਲੁਧਿਆਣਾ 'ਚ ਇੱਟ ਮਾਰ ਕੇ ਭਗਵਾਨ ਸ਼ਨੀਦੇਵ ਦੀ ਮੂਰਤੀ ਤੋੜੀ, CCTV 'ਚ ਕੈਦ ਹੋਈ ਸਾਰੀ ਘਟਨਾ
Thursday, Jul 28, 2022 - 02:46 PM (IST)
ਲੁਧਿਆਣਾ (ਰਾਜ) : ਗਿਆਸਪੁਰਾ ਦੇ ਸੁੰਦਰ ਨਗਰ ਇਲਾਕੇ ’ਚ ਬੁੱਧਵਾਰ ਦੀ ਸ਼ਾਮ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇਕ ਨੌਜਵਾਨ ਨੇ ਇੱਟ ਮਾਰ ਕੇ ਭਗਵਾਨ ਸ਼ਨੀਦੇਵ ਦੀ ਮੂਰਤੀ ਤੋੜ ਦਿੱਤੀ। ਘਟਨਾ ਤੋਂ ਬਾਅਦ ਮੁਲਜ਼ਮ ਨੌਜਵਾਨ ਭੱਜ ਗਿਆ। ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਪੂਰੇ ਇਲਾਕੇ ’ਚ ਰੋਸ ਫੈਲ ਗਿਆ। ਲੋਕਾਂ ਦੇ ਇਕੱਠੇ ਹੋਣ ’ਤੇ ਮਾਹੌਲ ਤਣਾਅਪੂਰਨ ਹੋ ਗਿਆ। ਇਹ ਘਟਨਾ ਕੋਲ ਹੀ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜ ਕੇ ਪੁਲਸ ਨੇ ਕਿਸੇ ਤਰ੍ਹਾਂ ਲੋਕਾਂ ਨੂੰ ਸ਼ਾਂਤ ਕੀਤਾ ਪਰ ਕੁੱਝ ਹੀ ਘੰਟਿਆਂ ’ਚ ਲੋਕਾਂ ਨੇ ਮੁਲਜ਼ਮ ਨੂੰ ਦਬੋਚ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ।
ਭਾਜਪਾ ਨੇਤਾ ਸੰਦੀਪ ਸ਼ੁਕਲਾ ਨੇ ਦੱਸਿਆ ਕਿ ਸੁੰਦਰ ਨਗਰ ਇਲਾਕੇ ’ਚ ਮੰਦਰ ਬਣਿਆ ਹੋਇਆ ਹੈ। ਮੰਦਰ ਦੇ ਬਾਹਰ ਭਗਵਾਨ ਸ਼ਨੀਦੇਵ ਮਹਾਰਾਜ ਦੀ ਮੂਰਤੀ ਲੱਗੀ ਹੋਈ ਹੈ, ਜਿੱਥੇ ਇਲਾਕੇ ਦੇ ਲੋਕ ਬੜੀ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਹਨ। ਬੁੱਧਵਾਰ ਦੀ ਦੇਰ ਸ਼ਾਮ ਨੂੰ ਇਕ ਨੌਜਵਾਨ ਮੰਦਰ ਕੋਲ ਪੁੱਜਦਾ ਹੈ ਅਤੇ ਕੁੱਝ ਸਮਾਂ ਇਧਰ-ਉਧਰ ਦੇਖਦੇ ਹੋਏ ਬਾਹਰ ਖੜ੍ਹਾ ਰਹਿੰਦਾ ਹੈ। ਇਸੇ ਦੌਰਾਨ ਸਾਈਡ ’ਤੇ ਪਈ ਇੱਟ ਚੁੱਕ ਕੇ ਲਿਆ ਕੇ ਭਗਵਾਨ ਸ਼ਨੀਦੇਵ ਦੀ ਮੂਰਤੀ ’ਤੇ ਮਾਰਦਾ ਹੈ ਅਤੇ ਮਾਰ–ਮਾਰ ਕੇ ਮੂਰਤੀ ਦਾ ਕਾਫੀ ਨੁਕਸਾਨ ਕਰਦਾ ਹੈ ਅਤੇ ਮੂਰਤੀ ਪੂਰੀ ਤਰ੍ਹਾਂ ਤੋੜ ਦਿੰਦਾ ਹੈ। ਉਸ ਤੋਂ ਬਾਅਦ ਆਰਾਮ ਨਾਲ ਉੱਥੋਂ ਚਲਾ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਮੁਲਜ਼ਮ ਇੰਨੀ ਵੱਡੀ ਵਾਰਦਾਤ ਕਰ ਰਿਹਾ ਸੀ ਤਾਂ ਉੱਥੋਂ ਕੁੱਝ ਲੋਕ ਵੀ ਲੰਘ ਰਹੇ ਸਨ ਪਰ ਲੋਕਾਂ ਨੂੰ ਵੀ ਪਤਾ ਨਹੀਂ ਲੱਗ ਸਕਿਆ। ਜਦੋਂ ਕੁੱਝ ਸਮੇਂ ਬਾਅਦ ਇਲਾਕੇ ਦਾ ਵਿਅਕਤੀ ਮੱਥਾ ਟੇਕਣ ਗਿਆ ਤਾਂ ਘਟਨਾ ਦਾ ਪਤਾ ਲੱਗਾ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਕਾਫੀ ਰੋਸ ਫੈਲ ਗਿਆ ਅਤੇ ਦੇਖਦੇ ਹੀ ਦੇਖਦੇ ਪੂਰੇ ਇਲਾਕੇ ਦੇ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਅੱਜ ਤੋਂ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਦੀ ਕਿਸਾਨਾਂ ਨੂੰ ਸਲਾਹ
ਘਟਨਾ ਬਾਰੇ ਪੁਲਸ ਨੂੰ ਹੀ ਪਤਾ ਨਹੀਂ
ਇਸ ਮਾਮਲੇ ’ਚ ਇਕ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੋਕਾਂ ਦੀ ਸੂਚਨਾ ਤੋਂ ਬਾਅਦ ਥਾਣਾ ਡਾਬਾ ਦਾ ਇਕ ਏ. ਐੱਸ. ਆਈ. ਮੌਕੇ ’ਤੇ ਪੁੱਜ ਗਿਆ ਪਰ ਇਸ ਬਾਰੇ ਥਾਣਾ ਡਾਬਾ ਦੇ ਵਧੀਕ ਐੱਸ. ਐੱਚ. ਓ. ਹਜ਼ੂਰੀ ਲਾਲ ਨੂੰ ਕੁੱਝ ਪਤਾ ਨਹੀਂ ਸੀ। ਉਨ੍ਹਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਅਜਿਹਾ ਕੁੱਝ ਨਹੀਂ ਹੋਇਆ। ਇਸੇ ਹੀ ਤਰ੍ਹਾਂ ਜਦੋਂ ਏ. ਸੀ. ਪੀ. ਜੋਤੀ ਯਾਦਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੇ ਧਿਆਨ ’ਚ ਇਹ ਮਾਮਲਾ ਹੀ ਨਹੀਂ ਸੀ। ਏ. ਡੀ. ਸੀ. ਪੀ.-2 ਨੂੰ ਕਾਲ ਕੀਤੀ ਤਾਂ ਉਨ੍ਹਾਂ ਨੇ ਮੋਬਾਇਲ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਨੀ ਵੱਡੀ ਬੇਅਦਬੀ ਹੋ ਗਈ ਅਤੇ ਪੁਲਸ ਅਧਿਕਾਰੀਆਂ ਨੂੰ ਇਸ ਦਾ ਪਤਾ ਹੀ ਨਹੀਂ ਜਾਂ ਫਿਰ ਹੇਠਲੇ ਪੱਧਰ ਦੇ ਮੁਲਾਜ਼ਮਾਂ ਨੇ ਇਹ ਗੱਲ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣਾ ਠੀਕ ਨਹੀਂ ਸਮਝਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ