ਬੇਅਦਬੀ ਮਾਮਲੇ : ਸਿੱਟ ਨੇ ਅਦਾਲਤ ''ਚ ਪੇਸ਼ ਕੀਤਾ ਚਲਾਨ, ਡੇਰਾ ਸਿਰਸਾ ਨਾਲ ਜੋੜੀਆਂ ਤਾਰਾਂ

Friday, Jan 04, 2019 - 06:20 PM (IST)

ਮੋਗਾ : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਮੋਗਾ ਦੇ ਪਿੰਡ ਮਲਕੇ ਅਤੇ ਬਠਿੰਡਾ ਦੇ ਪਿੰਡ ਗੁਰੂਸਰ ਵਿਚ ਹੋਈ ਬੇਅਦਬੀ ਦੀ ਘਟਨਾ ਸੰਬੰਧੀ ਬਾਘਾਪੁਰਾਣਾ ਅਤੇ ਫੂਲ ਅਦਾਲਤ ਵਿਚ ਚਲਾਨ ਪੇਸ਼ ਕੀਤੇ ਹਨ। ਮੋਗਾ ਦੇ ਪਿੰਡ ਮਲਕੇ ਵਿਚ ਹੋਏ ਬੇਅਦਬੀ ਮਾਮਲੇ ਸਬੰਧੀ ਸਿੱਟ ਨੇ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਸਮੇਤ ਪੰਜ ਖਿਲਾਫ ਚਲਾਨ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਗੁਰੂਸਰ ਕੇਸ ਸਬੰਧੀ ਛੇ ਜਣਿਆਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਹੈ। 
ਸਿਟ ਮੁਖੀ ਡੀ. ਆਈ. ਜੀ. ਰਣਬੀਰ ਸਿੰਘ ਖਟਰਾ ਨੇ ਦੱਸਿਆ ਕਿ ਗੁਰੂਸਰ ਬੇਅਦਬੀ ਕੇਸ ਸਬੰਧੀ ਤਿੰਨ ਮੁੱਖ ਮੁਲਜ਼ਮ ਪਰਦੀਪ ਕਲੇਰ, ਸੰਦੀਪ ਬਰੇਟਾ ਤੇ ਹਰਸ਼ ਧੂਰੀ ਅਜੇ ਤਕ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਫੂਲ ਅਦਾਲਤ ਨੇ ਪਹਿਲਾਂ ਹੀ ਇਨ੍ਹਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਪਿੱਛੋਂ ਸਿਟ ਇਨ੍ਹਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ ਦਰਜ ਕਰੇਗੀ। ਖੱਟਰਾ ਨੇ ਦੱਸਿਆ ਕਿ ਇਹ ਤਿੰਨੇ ਵਿਅਕਤੀ ਡੇਰਾ ਸਿਰਸਾ ਦੇ ਅਤਿਅੰਤ ਨਜ਼ਦੀਕੀ ਹਨ।
ਡੀ. ਆਈ. ਜੀ. ਖਟਰਾ ਨੇ ਦੱਸਿਆ ਕਿ ਅਦਾਲਤਾਂ 'ਚ ਚਲਾਨ ਪੇਸ਼ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਬਕਾਇਦਾ ਮਨਜ਼ੂਰੀ ਲਈ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਹਿੱਸਾ ਸੀ, ਉਸ ਨੂੰ ਡੇਰਾ ਪ੍ਰਬੰਧਕਾਂ ਤੋਂ ਬੇਅਦਬੀ ਕਰਨ ਦਾ ਨਿਰਦੇਸ਼ ਮਿਲਿਆ ਸੀ।


Gurminder Singh

Content Editor

Related News