ਭਾਈ ਮੰਡ ਦੀ ਪੰਜਾਬ ਸਰਕਾਰ ਨੂੰ ਖੁੱਲ੍ਹੀ ਚਿਤਾਵਨੀ
Monday, Jul 06, 2020 - 06:32 PM (IST)
ਫਰੀਦਕੋਟ (ਜਗਤਾਰ ਦੁਸਾਂਝ) : ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਇਕ ਵਾਰ ਫਿਰ ਤੋਂ ਬਰਗਾੜੀ ਮੋਰਚਾ ਲੱਗ ਸਕਦਾ ਹੈ। ਇਸ ਦਾ ਇਸ਼ਾਰਾ ਸਰਬੱਤ ਖਾਲਸਾ ਵਲੋਂ ਥਾਪੇ ਗਏ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਦਿੱਤਾ ਗਿਆ ਹੈ। ਭਾਈ ਮੰਡ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਸਰਕਾਰ ਨੂੰ 2 ਮਹੀਨਿਆਂ ਦਾ ਅਲਟੀਮੇਟਮ ਦਿੱਤਾ ਹੈ। ਭਾਈ ਮੰਡ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਇਨ੍ਹਾਂ 2 ਮਹੀਨਿਆਂ ਦੇ ਅੰਦਰ-ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਮੁੜ ਤੋਂ ਬਰਗਾੜੀ ਮੋਰਚਾ ਲਗਾ ਦੇਣਗੇ। ਬੇਅਦਬੀ ਮਾਮਲੇ ਨੂੰ ਲੈ ਕੇ ਭਾਈ ਮੰਡ ਨੇ ਪਿਛਲੀ ਬਾਦਲ ਅਤੇ ਮੌਜੂਦਾ ਕੈਪਟਨ ਸਰਕਾਰ 'ਤੇ ਵੀ ਖੂਬ ਨਿਸ਼ਾਨੇ ਸਾਧੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬੇਅਦਬੀ ਮਾਮਲੇ 'ਚ 'ਸਿੱਟ' ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੀਤਾ ਨਾਮਜ਼ਦ
ਇਸ ਦੇ ਨਾਲ ਹੀ ਭਾਈ ਧਿਆਨ ਸਿੰਘ ਮੰਡ ਦਾ ਕਹਿਣਾ ਹੈ ਕਿ ਬਰਗਾੜੀ ਦੇ ਮੋਰਚੇ ਸਮੇਂ ਪੰਜਾਬ ਸਰਕਾਰ ਨੇ ਕਈ ਵਾਅਦੇ ਕੀਤੇ ਸਨ ਜਿਸ ਦੇ ਚੱਲਦੇ ਉਨ੍ਹਾਂ ਵਲੋਂ ਧਰਨਾ ਚੁੱਕਿਆ ਗਿਆ ਸੀ ਪਰ ਅਜੇ ਤਕ ਸਰਕਾਰ ਵਲੋਂ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਮੁੜ ਮੋਰਚਾ ਲਗਾਉਣਗੇ।
ਇਹ ਵੀ ਪੜ੍ਹੋ : ਕੋਰੋਨਾ ਕਾਰਣ ਕੈਪਟਨ ਸਰਕਾਰ ਦੀਆਂ ਨਵੀਆਂ ਹਿਦਾਇਤਾਂ, ਹੁਣ ਪੰਜਾਬ 'ਚ ਐਂਟਰੀ ਲਈ ਰੱਖੀ ਇਹ ਸ਼ਰਤ
ਇਸ ਦੌਰਾਨ ਭਾਈ ਮੰਡ ਵਲੋਂ ਬੇਅਦਬੀ ਮਾਮਲਿਆਂ ਅਤੇ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. ਦੇ ਕੰਮ ਦੀ ਵੀ ਪ੍ਰਸ਼ੰਸਾ ਕੀਤੀ ਪਰ ਉਨ੍ਹਾਂ ਕਿਹਾ ਕਿ ਜਾਂਚ ਪ੍ਰਕਿਰਿਆ ਬਹੁਤ ਹੌਲੀ ਚੱਲ ਰਹੀ ਹੈ। ਭਾਈ ਮੰਡ ਨੇ ਕਿਹਾ ਕਿ ਜੇਕਰ ਕਿਸੇ ਦਬਾਅ ਦੇ ਚੱਲਦੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁੜ ਧਰਨੇ 'ਤੇ ਬੈਠਣਗੇ। ਭਾਈ ਮੰਡ ਨੇ ਕਿਹਾ ਕਿ ਜੇਕਰ ਉਹ ਬਾਦਲਾਂ ਦਾ ਬੁਰਾ ਹਾਲ ਕਰ ਸਕਦੇ ਹਨ ਤਾਂ ਉਹ ਕੈਪਟਨ ਦਾ ਵੀ ਉਹੀ ਹਾਲ ਕਰਨ 'ਚ ਪਿੱਛੇ ਨਹੀਂ ਹਟਣਗੇ। ਇਸ ਦੌਰਾਨ ਉਨ੍ਹਾਂ ਬਰਗਾੜੀ ਮੋਰਚੇ ਦੀ ਟੀਮ ਦਰਮਿਆਨ ਅਣਬਣ ਦੀ ਗੱਲ ਵੀ ਕਬੂਲੀ, ਉਨ੍ਹਾਂ ਕਿਹਾ ਕਿ ਸਿੱਖ ਕੌਮ ਇਕ ਹੋ ਕੇ ਆਪਣੀਆਂ ਮੰਗਾਂ ਲਈ ਫਿਰ ਤੋਂ ਸੰਘਰਸ਼ ਕਰੇਗੀ।
ਇਹ ਵੀ ਪੜ੍ਹੋ : ਬਾਬਾ ਬਕਾਲਾ : ਨਿਹੰਗ ਸਿੰਘ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਹਮਲਾ, ਚੱਲੀਆਂ ਗੋਲ਼ੀਆਂ