ਬੇਅਦਬੀ ਦੀਆਂ ਘਟਨਾਵਾਂ ਪਿੱਛੇ ਏਜੰਸੀਆਂ, ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ : ਜਗੀਰ ਕੌਰ
Wednesday, Oct 06, 2021 - 06:22 PM (IST)
ਭਾਦਸੋਂ/ਨਾਭਾ (ਅਵਤਾਰ/ਖੁਰਾਣਾ) : ਬੀਤੇ ਕੁਝ ਦਿਨ ਪਹਿਲਾ ਥਾਣਾ ਭਾਦਸੋਂ ਦੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਪਿੰਡ ਦੇ ਹੀ ਅਪਾਹਜ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਸ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਗੁਰਦੁਆਰਾ ਸ੍ਰੀ ਝਰਵਾਣਾ ਸਾਹਿਬ ਪਿੰਡ ਦਿੱਤੂਪੁਰ ਜੱਟਾਂ ਵਿਖੇ ਪਹੁੰਚੇ। ਉਨ੍ਹਾਂ ਕਿਹਾ ਕਿ ਜੋ ਗੁਰਦੁਆਰਾ ਸਾਹਿਬ ’ਚ ਬੇਅਦਬੀਆ ਹੋ ਰਹੀਆਂ ਹਨ, ਇਸ ਸਬੰਧੀ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਜਿਨ੍ਹਾਂ ਵਿਅਕਤੀਆਂ ਵੱਲੋਂ ਬੇਅਦਬੀਆਂ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਬਾਰੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣ ਦਾ ਬਹਾਨਾ ਬਣਾਇਆ ਜਾਂਦਾ ਹੈ। ਇਸ ਗੱਲ ਪਿੱਛੇ ਕਈ ਏਜੰਸੀਆਂ ਕੰਮ ਕਰਦੀਆਂ ਹਨ। ਚੋਣਾਂ ਸਮੇਂ ਇਸ ਤਰ੍ਹਾਂ ਦੀਆਂ ਬੇਅਦਬੀਆਂ ਕਰਨ ਨਾਲ ਮਾਹੌਲ ਖ਼ਰਾਬ ਕੀਤਾ ਜਾਂਦਾ ਹੈ। ਸਰਕਾਰ ਅਤੇ ਪੁਲਸ ਇਸ ਕੰਮ ਵਿਚ ਫੇਲ੍ਹ ਸਾਬਿਤ ਹੋਈ ਹੈ।
ਇਹ ਵੀ ਪੜ੍ਹੋ : ਹੁਣ ਕੈਪਟਨ ਧੜ੍ਹੇ ਨੇ ਚੰਨੀ ਦੀਆਂ ਮੋਦੀ ਤੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤਾਂ ’ਤੇ ਚੁੱਕੇ ਸਵਾਲ
ਬੀਬੀ ਜਗੀਰ ਕੌਰ ਨੇ ਸਿੱਧੇ ਤੌਰ ’ਤੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਨਹੀਂ ਕੀਤੀ ਜਾ ਰਹੀ ਇਸਦੇ ਪਿੱਛੇ ਏਜੰਸੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਬਿਲਕੁਲ ਇਸ ਵਿਚ ਫੀਲਡਰ ਹੈ ਕਿਉਂਕਿ ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬ ਵਿਚ ਬੇਅਦਬੀਆਂ ਹੋਈਆਂ ਹਨ, ਉਥੇ ਇਹ ਕਿਹਾ ਜਾਂਦਾ ਹੈ ਕਿ ਉਹ ਤਾਂ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ , ਅਸੀਂ ਇਸ ਮਸਲੇ ਵਿਚ ਨਾਰਕੋ ਟੈਸਟ ਦੇਲਈ ਵੀ ਅਰਜ਼ੀਆਂ ਦਿੱਤੀਆਂ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦਾ ਨਾਰਕੋ ਟੈਸਟ ਹੀ ਨਹੀਂ ਕਰਵਾਇਆ ਗਿਆ ਅਤੇ ਦਿਨੋਂ-ਦਿਨ ਹੋ ਰਹੀਆਂ ਬੇਅਦਬੀਆਂ ਲਈ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਇਸ ਦੌਰਾਨ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਐਡਜ਼ੈਕਿਟਵ ਮੈਂਬਰ ਸਤਵਿੰਦਰ ਸਿੰਘ ਟੌਹੜਾ, ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਸਮੇਤ ਪਿੰਡ ਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ ’ਤੇ ਸਿਆਸੀ ਭੂਚਾਲ, ਸਿੱਧੂ ਨੇ ਟਵੀਟ ਕਰਕੇ ਪ੍ਰਿਯੰਕਾ ਦੀ ਗ੍ਰਿਫ਼ਤਾਰੀ ’ਤੇ ਚੁੱਕੇ ਸਵਾਲ
ਨੋਟ - ਬੇਅਦਬੀ ਦੀਆਂ ਘਟਨਾਵਾਂ ’ਤੇ ਬੀਬੀ ਜਗੀਰ ਕੌਰ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ?