ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ ’ਚ ਐਕਸ਼ਨ ’ਚ ਡੀ. ਸੀ, ਬਣਾਈ ਤਿੰਨ ਮੈਂਬਰੀ ਕਮੇਟੀ
Thursday, Jul 22, 2021 - 04:45 PM (IST)
ਜਲੰਧਰ (ਵਰੁਣ, ਸੋਨੂੰ)- ਇਥੋਂ ਦੇ ਸੋਢਲ ਨਗਰ ਵਿਖੇ ਸਚਿਨ ਜੈਨ ਦੇ ਕਤਲ ਦੇ ਮਾਮਲੇ ’ਚ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਦੀ ਮਨਮਰਜ਼ੀ ਅਤੇ ਲਾਪਰਵਾਹੀ ਨੂੰ ਲੈ ਕੇ ਜੈਨ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਡੀ. ਸੀ. ਦਫ਼ਤਰ ਪਹੁੰਚੀਆਂ। ਇਨ੍ਹਾਂ ਦੀ ਮੰਗ ਕੀਤੀ ਕਿ ਉਨ੍ਹਾਂ ਸਾਰੇ ਨਿੱਜੀ ਹਸਪਤਾਲ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਸਚਿਨ ਜੈਨ ਦਾ ਇਲਾਜ ਤੱਕ ਸ਼ੁਰੂ ਨਹੀਂ ਕੀਤਾ ਸੀ। ਜੈਨ ਸਭਾ ਸਮੇਤ ਹੋਰ ਸੰਸਥਾਵਾਂ ਨੂੰ ਡੀ. ਸੀ. ਪੀ. ਨਰੇਸ਼ ਡੋਗਰਾ ਨਾਲ ਲੈ ਕੇ ਡੀ. ਸੀ. ਦਫ਼ਤਰ ਪਹੁੰਚੇ। ਇਸੇ ਮੰਗ ਨੂੰ ਲੈ ਕੇ ਜੈਨ ਸਮਾਜ ਦੇ ਲੋਕਾਂ ਨੇ ਕਪੂਰਥਲਾ ’ਤੇ ਧਰਨਾ ਵੀ ਲਗਾਇਆ ਸੀ। ਇਸ ਦੇ ਨਾਲ ਹੀ ਵਿਧਾਇਕ ਰਾਜਿੰਦਰ ਬੇਰੀ ਵੀ ਸ਼ਾਮਲ ਹੋਏ ਅਤੇ ਡੀ. ਸੀ. ਨੂੰ ਮੰਗ ਪੱਤਰ ਦਿੱਤਾ। ਡੀ. ਸੀ. ਨੇ ਮਾਮਲੇ ਵਿਚ ਸਖ਼ਤ ਐਕਸ਼ਨ ਲੈਂਦੇ ਹੋਏ ਇਕ ਤਿੰਨ ਮੈਂਬਰੀ ਕਮੇਟੀ ਬਣਾਈ, ਜਿਸ ਦੀ ਰਿਪੋਰਟ ’ਤੇ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ 'ਚ ਬਦਮਾਸ਼ ਦੀਪਕ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ
19 ਜੁਲਾਈ ਦੀ ਰਾਤ ਸੋਢਲ ਚੌਂਕ ਸਥਿਤ ਜੈਨ ਕਰਿਆਣਾ ਸਟੋਰ ਦੇ ਮਾਲਕ 36 ਸਾਲਾ ਸਚਿਨ ਜੈਨ ਜਦੋਂ ਦੁਕਾਨ ਬੰਦ ਕਰ ਰਹੇ ਸਨ ਤਾਂ ਨੂੰ ਲੁੱਟ ਦੀ ਨੀਅਤ ਨਾਲ ਸਚਿਨ ਨੂੰ ਗੋਲ਼ੀ ਮਾਰ ਕੇ ਲੁੱਟ ਲਿਆ ਸੀ। ਇਸ ਦੌਰਾਨ ਗੰਭੀਰ ਹਾਲਤ ’ਚ ਜ਼ਖ਼ਮੀ ਸਚਿਨ ਨੂੰ 4 ਨਿੱਜੀ ਹਸਪਤਾਲਾਂ ’ਚ ਲਿਜਾਇਆ ਗਿਆ ਪਰ ਹਰ ਕਿਸੇ ਨੇ ਪੈਸੇ ਜਮ੍ਹਾ ਕਰਵਾਉਣ ਨੂੰ ਕਿਹਾ। ਉਸ ਸਮੇਂ ਪੈਸੇ ਕੋਲ ਨਾ ਹੋਣ ਦੇ ਕਾਰਨ ਸਚਿਨ ਦੇ ਇਲਾਜ ’ਚ ਦੇਰੀ ਦੇ ਕਾਰਨ ਉਸ ਦੀ ਮੌਤ ਹੋ ਗਈ। ਇਸੇ ਸਬੰਧ ’ਚ ਜੈਨ ਸਮਾਜ ਅਤੇ ਵਪਾਰੀ ਵਰਗ ਨੇ ਉਨ੍ਹਾਂ ਹਸਪਤਾਲਾਂ ਨੂੰ ਜ਼ਿੰਮੇਵਾਰੀ ਠਹਿਰਾਇਆ ਅਤੇ ਡੀ. ਸੀ. ਤੋਂ ਉਨ੍ਹਾਂ ’ਤੇ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਜੈਨ ਸਮਾਜ ਦੇ ਨੇਤਾ ਰਾਜੇਸ਼ ਜੈਨ ਨੇ ਕਿਹਾ ਕਿ ਜਲੰਧਰ ਦੇ ਹਸਪਤਾਲ ਲੁੱਟ ਦਾ ਅੱਡਾ ਬਣ ਗਏ ਹਨ ਅਤੇ ਇਨ੍ਹਾਂ ਹਸਪਤਾਲਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਇਨ੍ਹਾਂ ਹਸਪਤਾਲਾਂ ਦਾ ਫਰਜ਼ ਸੀ ਕਿ ਘਟ ਤੋਂ ਘਟ ਸ਼ੁਰੂਆਤੀ ਇਲਾਜ ਤਾਂ ਕਰਦੇ ਤਾਂਕਿ ਸਚਿਨ ਦਾ ਬਚਾਅ ਹੋ ਸਕਦਾ। ਪੈਸਾ ਬਾਅਦ ’ਚ ਜਮ੍ਹਾ ਹੋ ਸਕਦਾ ਸੀ। ਅੱਜ ਡੀ. ਸੀ. ਸਾਹਿਬ ਨੇ ਕਿਹਾ ਕਿ ਇਕ ਕਮੇਟੀ ਬਣਾ ਰਹੇ ਹਨ, ਜੋ ਰਿਪੋਰਟ ਦੇਵੇਗੀ ਤਾਂ ਫਿਰ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: ਭਲਕੇ ਸਜੇਗਾ ਨਵਜੋਤ ਸਿੱਧੂ ਦੇ ਸਿਰ 'ਤੇ ਪ੍ਰਧਾਨਗੀ ਦਾ ਤਾਜ, ਕੈਪਟਨ ਦੇ ਆਉਣ ਜਾਂ ਨਾ ਆਉਣ ਦੀ ਦੁਚਿੱਤੀ ਬਰਕਰਾਰ
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਕਿ ਇਨ੍ਹਾਂ ਲੋਕਾਂ ਮੁਤਾਬਕ ਟੈਗੋਰ ਹਸਪਤਾਲ, ਜੋਸ਼ੀ ਹਸਪਤਾਲ, ਸਤਿਅਮ ਅਤੇ ਪਟੇਲ ਹਸਪਤਾਲ ਨੇ ਇਲਾਜ ਨਹੀਂ ਕੀਤਾ, ਜਿਸ ਕਰਕੇ ਸਚਿਨ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜੋ ਮਾਮਲੇ ਦੀ ਜਾਂਚ ਕਰੇਗੀ ਅਤੇ 3 ਦਿਨ ’ਚ ਰਿਪੋਰਟ ਦੇਵੇਗੀ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਅਨੁਸਾਰ ਕਾਰਵਾਈ ਕਰਨਗੇ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ