ਐੈੱਸ. ਡੀ. ਐੱਮ. ਭਵਾਨੀਗੜ੍ਹ ਨੇ ਦਿੱਤਾ ਅਹੁਦੇ ਤੋਂ ਅਸਤੀਫਾ
Friday, Apr 27, 2018 - 09:19 PM (IST)

ਭਵਾਨੀਗੜ (ਵਿਕਾਸ)— 2014 ਬੈਚ ਦੇ ਪੀ. ਸੀ. ਐੱਸ. ਅਫ਼ਸਰ ਅਤੇ ਅੱਜ-ਕੱਲ ਸਬ-ਡਵੀਜ਼ਨ ਭਵਾਨੀਗੜ੍ਹ ਵਿਖੇ ਤਾਇਨਾਤ ਐੱਸ. ਡੀ. ਐੱਮ. ਅਮਰਿੰਦਰ ਸਿੰਘ ਟਿਵਾਣਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਟਿਵਾਣਾ ਨੇ ਇਸੇ ਸਾਲ 26 ਜਨਵਰੀ ਨੂੰ ਬਤੌਰ ਐੱਸ. ਡੀ. ਐੱਮ. ਭਵਾਨੀਗੜ੍ਹ ਦਾ ਚਾਰਜ ਲਿਆ ਸੀ ਅਤੇ ਇਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਸਨ।
ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਨੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਮਰਿੰਦਰ ਸਿੰਘ ਟਿਵਾਣਾ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਆਪਣੇ ਆਹੁਦੇ ਤੋਂ ਲਿਖ਼ਤੀ ਅਸਤੀਫ਼ਾ ਦਿੱਤਾ ਹੈ, ਜਿਸ ਵਿਚ ਟਿਵਾਣਾ ਨੇ ਦੱਸਿਆ ਹੈ ਕਿ ਉਹ ਪੂਰੇ ਹੋਸ਼ ਅਤੇ ਬੜੇ ਠੰਡੇ ਦਿਮਾਗ ਨਾਲ ਅਸਤੀਫ਼ਾ ਦੇ ਰਹੇ ਹਨ। ਅਸਤੀਫ਼ੇ ਦੀ ਪ੍ਰਵਾਨਗੀ ਸਬੰਧੀ ਪੁੱਛੇ ਜਾਣ 'ਤੇ ਥੋਰੀ ਨੇ ਕਿਹਾ ਕਿ ਇਕ ਮਹੀਨੇ ਦੇ ਨੋਟਿਸ ਪੀਰੀਅਡ ਤੋਂ ਬਾਅਦ ਇਸ ਸਬੰਧੀ ਕਾਰਵਾਈ ਕਰ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਮੋਬਾਇਲ 'ਤੇ ਸੰਪਰਕ ਕਰਨ 'ਤੇ ਅਮਰਿੰਦਰ ਸਿੰਘ ਟਿਵਾਣਾ ਨੇ ਪੱਤਰਕਾਰਾਂ ਤੋਂ ਆਪਣੇ ਅਸਤੀਫ਼ੇ ਦੀ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਕੁਝ ਸਮੇਂ ਬਾਅਦ ਗੱਲ ਕਰਨਗੇ ਪਰ ਬਾਅਦ ਵਿਚ ਲਗਾਤਾਰ ਉਨ੍ਹਾਂ ਦਾ ਫੋਨ ਸਵਿੱਚ ਆਫ਼ ਆਉਂਦਾ ਰਿਹਾ। ਭਾਵੇਂ ਕਿ ਉਕਤ ਅਧਿਕਾਰੀ ਵੱਲੋਂ ਆਪਣੇ ਆਹੁਦੇ ਤੋਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਸਤੀਫ਼ਾ ਦਿੱਤਾ ਦੱਸਿਆ ਜਾ ਰਿਹਾ ਹੈ ਪਰ ਸੂਤਰਾਂ ਮੁਤਾਬਕ ਅਸਤੀਫ਼ੇ ਦੀ ਇਕ ਵਜ੍ਹਾ ਉਨ੍ਹਾਂ 'ਤੇ ਸਿਆਸੀ ਦਬਾਅ ਦਾ ਹੋਣਾ ਵੀ ਮੰਨਿਆ ਜਾ ਰਿਹਾ ਹੈ।