ਦਿਹਾਤੀ ਮਜ਼ਦੂਰ ਸਭਾ ਵੱਲੋਂ ਥਾਂਦੇਵਾਲਾ ’ਚ ਰੋਸ ਮੁਜ਼ਾਹਰਾ
Friday, Jun 22, 2018 - 02:03 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ, ਸੁਖਪਾਲ)- ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਥਾਂਦੇਵਾਲਾ ’ਚ ਇਕ ਦਲਿਤ ਨੌਜਵਾਨ ਜਗਸੀਰ ਸਿੰਘ ’ਤੇ ਪਿੰਡ ਦੇ ਕੁਝ ਉੱਚ ਜਾਤੀ ਦੇ ਲੋਕਾਂ ਵੱਲੋਂ ਚੋਰੀ ਦਾ ਇਲਜ਼ਾਮ ਲਾ ਕੇ ੳੁਸ ਨੂੰ ਦਰੱਖਤ ਨਾਲ ਬੰਨ੍ਹ ਕੇ ਅੰਨ੍ਹਾ ਤਸ਼ੱਦਦ ਕਰਨ ਅਤੇ ਬਿਜਲੀ ਦਾ ਕਰੰਟ ਲਾਉਣ ਵਿਰੁੱਧ ਪਿੰਡ ’ਚ ਰੋਸ ਮੁਜ਼ਾਹਰਾ ਕੱਢਿਆ ਗਿਆ।
ਇਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੌਣ, ਜਨਵਾਦੀ ਇਸਤਰੀ ਸਭਾ ਦੀ ਜ਼ਿਲਾ ਪ੍ਰਧਾਨ ਪਰਮਜੀਤ ਕੌਰ ਸੰਗਰਾਣਾ, ਮਜ਼ਦੂਰ ਆਗੂ ਕਿਸਮਤ ਸਿੰਘ ਚੱਕ ਦੂਹੇਵਾਲਾ, ਸੰਤੋਖ ਸਿੰਘ ਫੌਜੀ ਆਦਿ ਆਗੂਆਂ ਨੇ ਦਲਿਤ ਮਜ਼ਦੂਰ ’ਤੇ ਕੀਤੇ ਗਏ ਬੇਤਹਾਸ਼ਾ ਤਸ਼ੱਦਦ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀਅਾਂ ’ਤੇ ਬਣਦੀਆਂ ਧਾਰਾਵਾਂ ਲਾ ਕੇ ਅਤੇ ਐੱਸ. ਸੀ./ਐੱਸ. ਟੀ. ਧਾਰਾ ਸਮੇਤ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਜਥੇਬੰਦੀ ਪੁਲਸ ਖਿਲਾਫ ਲਗਾਤਾਰ ਧਰਨੇ ਲਾਉਣ ਤੋਂ ਗੁਰੇਜ਼ ਨਹੀਂ ਕਰੇਗੀ।
