ਪੇਂਡੂ ਮਜ਼ਦੂਰਾਂ ਵਲੋਂ ਦਲਿਤ ਕਿਰਤੀ ਦੇ ਕਤਲ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ

Wednesday, Aug 23, 2017 - 11:25 AM (IST)

ਕਰਤਾਰਪੁਰ(ਜ.ਬ.)— ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪਿੰਡ ਟਪਿਆਲਾ ਥਾਣਾ ਲੋਪੋਕੇ (ਅੰਮ੍ਰਿਤਸਰ) ਵਿਖੇ ਬੇਜ਼ਮੀਨੇ ਦਲਿਤ ਮਜ਼ਦੂਰ ਦਾ ਗੋਲੀ ਮਾਰ ਕੇ ਕਤਲ ਕਰਨ ਅਤੇ ਕਈ ਦਲਿਤਾਂ ਨੂੰ ਜ਼ਖਮੀ ਕਰਨ ਦੇ ਤਿੱਖੇ ਵਿਰੋਧ ਵਜੋਂ ਮੰਗਲਵਾਰ ਨੂੰ ਇਥੇ ਨੈਸ਼ਨਲ ਹਾਈਵੇਅ 'ਤੇ ਮੁੱਖ ਚੌਕ ਕਰਤਾਰਪੁਰ ਵਿਖੇ ਕੈਪਟਨ ਸਰਕਾਰ ਖਿਲਾਫ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਾਕਾਰੀ ਇਸ ਤੋਂ ਪਹਿਲਾਂ ਮੰਡੀ ਮੁਹੱਲਾ ਸਥਿਤ ਗੁਰਦੁਆਰਾ ਸਾਹਮਣੇ ਇਕੱਠੇ ਹੋਏ, ਜਿੱਥੋਂ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਚੌਕ 'ਚ ਪੁੱਜੇ।
ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ 5 ਮਹੀਨੇ ਦੇ ਰਾਜ ਨੇ ਆਪਣੇ ਰੰਗ ਵਿਖਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬੇਜ਼ਮੀਨੇ ਦਲਿਤਾਂ ਵਲੋਂ ਆਪਣੇ ਸਵੈ-ਮਾਣ, ਪੰਚਾਇਤੀ ਜ਼ਮੀਨਾਂ 'ਚੋਂ ਬਣਦੇ ਹੱਕ ਤੇ ਰਿਹਾਇਸ਼ੀ ਪਲਾਟਾਂ ਦੇ ਅਧਿਕਾਰ ਲਈ ਕੀਤੇ ਜਾ ਰਹੇ ਸੰਘਰਸ਼ ਤੋਂ ਪੇਂਡੂ ਧਨਾਢ-ਚੌਧਰੀ ਬੌਖਲਾਹਟ 'ਚ ਆਏ ਹੋਏ ਹਨ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਟਪਿਆਲਾ ਵਿਖੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ, ਮ੍ਰਿਤਕ ਕਿਰਤੀ ਦੇ ਵਾਰਿਸਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਜ਼ਖਮੀ ਕਿਰਤੀਆਂ ਦਾ ਸਰਕਾਰੀ ਪੱਧਰ 'ਤੇ ਮੁਫਤ ਇਲਾਜ ਕਰਵਾਇਆ ਜਾਵੇ, ਜ਼ਿੰਮੇਵਾਰ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਦਲਿਤਾਂ ਦੇ ਜਾਨ-ਮਾਲ ਦੀ ਰਾਖੀ ਕੀਤੀ ਜਾਵੇ।


Related News