ਮਨਮਾਨੇ ਢੰਗ ਨਾਲ ਵਧਾ-ਚੜ੍ਹਾ ਕੇ ਨੰਬਰ ਦੇਣ ਦਾ ਚਲਨ ਕਰੋ ਬੰਦ

10/16/2017 7:52:16 AM

ਲੁਧਿਆਣਾ, (ਵਿੱਕੀ)- ਹਾਲ ਹੀ ਦੇ ਦਿਨਾਂ 'ਚ ਚੱਲ ਰਹੇ ਫੈਸਟੀਵਲ ਸੀਜ਼ਨ ਦੇ ਖਤਮ ਹੁੰਦੇ ਹੀ ਸਕੂਲਾਂ 'ਚ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਤੇਜ਼ੀ ਨਾਲ ਸ਼ੁਰੂ ਹੋ ਜਾਵੇਗੀ ਕਿਉਂਕਿ 4 ਮਹੀਨਿਆਂ ਬਾਅਦ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ। ਇਸ ਦੌਰਾਨ ਮਨਿਸਟਰੀ ਆਫ ਹਿਊਮਨ ਰਿਸੋਰਸਿਸ ਐਂਡ ਡਿਵੈੱਲਪਮੈਂਟ (ਐੱਮ. ਐੱਚ. ਆਰ. ਡੀ.) ਨੇ ਵੀ ਕੁਝ ਦਿਨ ਪਹਿਲਾਂ ਸਾਰੇ ਸੂਬਿਆਂ ਦੇ ਸਿੱਖਿਆ ਬੋਰਡ ਅਤੇ ਸੀ. ਬੀ. ਐੱਸ. ਈ. ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਉਹ ਬੋਰਡ ਪ੍ਰੀਖਿਆਵਾਂ 'ਚ ਮਨਮਾਨੇ ਢੰਗ ਨਾਲ ਵਧਾ-ਚੜ੍ਹਾ ਕੇ ਨੰਬਰ ਦੇਣ ਦਾ ਚਲਨ ਬੰਦ ਕਰਨ। ਮੰਤਰਾਲਿਆਂ ਦੇ ਇਸੇ ਪੱਤਰ ਤੋਂ ਸਾਫ ਹੈ ਕਿ ਇਸ ਵਾਰ ਮੁਲਾਂਕਣ ਪ੍ਰਕਿਰਿਆ ਕਾਫੀ ਸਖਤ ਰਹੇਗੀ ਤੇ ਸਟੂਡੈਂਟਸ ਨੂੰ ਆਪਣੀ ਤਿਆਰੀ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕਰਨੀ ਹੋਵੇਗੀ।
ਇਸ ਹਾਲਾਤ 'ਚ ਮਿਲਣਗੇ ਗ੍ਰੇਸ ਮਾਰਕਸ 
ਹਾਲਾਂਕਿ ਮਾਡਰੇਸ਼ਨ ਪਾਲਿਸੀ 'ਤੇ ਕੋਈ ਫੈਸਲਾ ਨਹੀਂ ਕੀਤਾ ਗਿਆ ਪਰ ਪ੍ਰਸ਼ਨ-ਪੱਤਰ 'ਚ ਗੜਬੜੀ, ਮੁਸ਼ਕਲ ਸਵਾਲ ਜਾਂ ਚੈਕਿੰਗ 'ਚ ਅਨਿਯਮਤਾ ਹੋਣ 'ਤੇ ਹੀ ਗ੍ਰੇਸ ਅੰਕ ਮਿਲਣਗੇ। ਇਹੀ ਨਹੀਂ ਜੇਕਰ ਵਿਦਿਆਰਥੀ ਨੂੰ ਪਾਸ ਹੋਣ ਲਈ ਅੰਕਾਂ ਦੀ ਜ਼ਰੂਰਤ ਹੋਵੇਗੀ ਤਾਂ ਗ੍ਰੇਸ ਮਾਰਕਸ ਦੇਣ ਦਾ ਚਲਨ ਜਾਰੀ ਰੱਖਿਆ ਜਾ ਸਕਦਾ ਹੈ ਪਰ ਫਿਲਹਾਲ ਇਸ ਸੰਬੰਧੀ ਕੋਈ ਫੈਸਲਾ ਤਾਂ ਨਹੀਂ ਹੋਇਆ ਹੈ। ਮੰਤਰਾਲਿਆਂ ਦੇ ਮੁਤਾਬਕ ਜੇਕਰ ਕਿਸੇ ਵਿਦਿਆਰਥੀ ਨੂੰ ਪ੍ਰੀਖਿਆ ਪਾਸ ਕਰਨ ਦੇ ਲਈ ਕੁਝ ਅੰਕਾਂ ਦੀ ਜ਼ਰੂਰਤ ਹੈ ਤਾਂ ਸੰਬੰਧਤ ਬੋਰਡ ਨੂੰ ਪਹਿਲਾਂ ਆਪਣੀ ਵੈੱਬਸਾਈਟ 'ਤੇ ਗ੍ਰੇਸ ਮਾਰਕਸ ਪਾਲਸੀ ਦਾ ਵੇਰਵਾ ਦੇਣਾ ਹੋਵੇਗਾ।
24 ਅਪ੍ਰੈਲ ਨੂੰ ਬਣੀ ਸੀ ਮਾਡਰੇਸ਼ਨ ਪਾਲਿਸੀ, ਰੱਦ ਕਰਨ 'ਤੇ ਸਹਿਮਤੀ 
ਇਸ ਦੇ ਇਲਾਵਾ ਗ੍ਰੇਸ ਮਾਰਕਸ ਦੀ ਜਾਣਕਾਰੀ ਮਾਰਕਸ਼ੀਟ 'ਚ ਦੇਣ ਜਾਂ ਨਾ ਦੇਣ ਸੰਬੰਧੀ ਕੋਈ ਵੀ ਫੈਸਲਾ ਸੰਬੰਧਤ ਬੋਰਡ ਨੂੰ ਖੁਦ ਹੀ ਕਰਨ ਦੀ ਮਨਜ਼ੂਰੀ ਮਿਲੀ ਹੈ। ਦੱਸ ਦੇਈਏ ਕਿ ਇਸ ਸਾਲ 24 ਅਪ੍ਰੈਲ ਨੂੰ ਸਾਰੇ ਬੋਰਡ ਅਤੇ ਸੀ. ਬੀ. ਐੱਸ. ਈ. ਨੇ ਇਕ ਬੈਠਕ ਦੌਰਾਨ ਮਾਡਰੇਸ਼ਨ ਪਾਲਿਸੀ ਨੂੰ ਰੱਦ ਕਰਨ ਲਈ ਆਮ ਸਹਿਮਤੀ ਬਣਾਈ ਸੀ ਪਰ ਦਿੱਲੀ ਹਾਈਕੋਰਟ ਨੇ ਸੀ. ਬੀ. ਐੱਸ. ਈ. ਨੂੰ ਇਹ ਨੀਤੀ ਸੈਸ਼ਨ ਦੌਰਾਨ ਫਿਲਹਾਲ ਲਾਗੂ ਨਾ ਕਰਨ ਦੇ ਲਈ ਕਿਹਾ ਸੀ ਕਿਉਂਕਿ ਜਦ ਇਹ ਪਾਲਿਸੀ ਲਾਗੂ ਹੋਈ, ਤਦ ਤੱਕ ਪ੍ਰੀਖਿਆਵਾਂ ਹੋ ਚੁਕੀਆਂ ਸਨ।


Related News