ਟ੍ਰੈਫਿਕ ਨਿਯਮ ਤੋੜਨ ਵਾਲੇ ਡਰੋਨ ਕੈਮਰੇ ''ਚ ਕੈਦ
Sunday, Mar 04, 2018 - 08:08 AM (IST)

ਚੰਡੀਗੜ੍ਹ (ਸੁਸ਼ੀਲ) - ਹੋਲੀ ਮੌਕੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਕੈਮਰੇ ਵਿਚ ਕੈਦ ਕਰਨ ਲਈ ਟ੍ਰੈਫਿਕ ਪੁਲਸ ਵਲੋਂ ਪਹਿਲੀ ਵਾਰ ਡਰੋਨ ਦੀ ਵਰਤੋਂ ਕੀਤੀ ਗਈ। ਮਟਕਾ ਚੌਕ 'ਚ ਖੜ੍ਹੇ ਹੋ ਕੇ ਟ੍ਰੈਫਿਕ ਪੁਲਸ ਕਰਮਚਾਰੀਆਂ ਨੇ ਵੀਡੀਓ ਤੇ ਫੋਟੋ ਵਿਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਵਾਹਨਾਂ ਦੇ ਨੰਬਰ ਨੋਟ ਕੀਤੇ, ਜਿਸ ਦੀ ਸਹਾਇਤਾ ਨਾਲ ਟ੍ਰੈਫਿਕ ਪੁਲਸ ਨੇ 400 ਵਾਹਨਾਂ ਦੇ ਟੀ. ਵੀ. ਆਈ. ਐੱਸ. ਚਲਾਨ ਕੱਟ ਕੇ ਲੋਕਾ ਦੇ ਘਰ ਭੇਜੇ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਨੇ 150 ਚਲਾਨ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਕੱਟੇ।
ਟ੍ਰੈਫਿਕ ਪੁਲਸ ਦੀ ਮੰਨੀਏ ਤਾਂ ਉਨ੍ਹਾਂ ਨੇ ਨਿਯਮ ਤੋੜਨ ਵਾਲੇ 1894 ਚਾਲਕਾਂ ਨੂੰ ਫੜ ਕੇ ਉਨ੍ਹਾਂ ਦੇ ਚਲਾਨ ਕੀਤੇ, ਜਿਨ੍ਹਾਂ ਵਿਚ ਸਭ ਤੋਂ ਵੱਧ ਬਿਨਾਂ ਹੈਲਮੇਟ ਤੇ ਸ਼ਰਾਬ ਪੀ ਕੇ ਡਰਾਈਵ ਕਰਨ ਦੇ ਹਨ। ਟ੍ਰੈਫਿਕ ਪੁਲਸ ਨੇ ਹੋਲੀ ਦੌਰਾਨ 319 ਵਾਹਨ ਜ਼ਬਤ ਕੀਤੇ। ਇਸ ਤੋਂ ਇਲਾਵਾ 170 ਲੋਕਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ।
ਸ਼ਰਾਬ ਪੀ ਕੇ ਗੱਡੀ ਚਲਾਉਂਦੇ 140 ਫੜੇ
ਹੋਲੀ ਦੇ ਤਿਉਹਾਰ ਮੌਕੇ ਟ੍ਰੈਫਿਕ ਪੁਲਸ ਨੇ ਸਵੇਰ ਤੋਂ ਹੀ ਡਰੰਕਨ ਡਰਾਈਵ ਦੇ ਸਪੈਸ਼ਲ ਨਾਕੇ ਲਾਏ ਹੋਏ ਸਨ। ਹਰ ਪੁਲਸ ਕਰਮਚਾਰੀ ਦੇ ਹੱਥ ਵਿਚ ਅਲਕੋ ਸੈਂਸਰ ਸੀ ਤੇ ਉਹ ਵਾਹਨ ਚਾਲਕਾਂ ਦੀ ਸ਼ਰਾਬ ਚੈੱਕ ਕਰਨ ਵਿਚ ਲੱਗੇ ਹੋਏ ਸਨ। ਪੁਲਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ 140 ਚਾਲਕਾਂ ਨੂੰ ਫੜ ਕੇ ਉਨ੍ਹਾਂ ਦੇ ਵਾਹਨ ਜ਼ਬਤ ਕੀਤੇ।
ਬੁਲੇਟ ਦੇ ਪਟਾਕੇ ਤੇ ਪ੍ਰੈਸ਼ਰ ਹਾਰਨ ਵਜਾਉਣ ਵਾਲਿਆਂ 'ਤੇ ਨਜ਼ਰ
ਟ੍ਰੈਫਿਕ ਤੇ ਥਾਣਾ ਪੁਲਸ ਨੇ ਆਪਣੇ-ਆਪਣੇ ਇਲਾਕਿਆਂ ਵਿਚ ਨਾਕੇ ਲਾ ਕੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਤੇ ਪ੍ਰੈਸ਼ਰ ਹਾਰਨ ਵਜਾਉਣ ਵਾਲਿਆਂ 'ਤੇ ਨਜ਼ਰ ਰੱਖੀ, ਜਿਸ 'ਤੇ ਟ੍ਰੈਫਿਕ ਪੁਲਸ ਨੇ 100 ਚਲਾਨ ਕੀਤੇ। ਇਨ੍ਹਾਂ ਵਿਚ 46 ਚਲਾਨ ਬੁਲੇਟ ਮੋਟਰਸਾਈਕਲ ਦਾ ਸਾਇਲੈਂਸਰ ਬਦਲਵਾ ਕੇ ਪਟਾਕੇ ਵਜਾਉਣ ਵਾਲਿਆਂ ਦੇ ਸਨ।
ਕਿਸ ਦੇ ਕਿੰਨੇ ਚਲਾਨ ਹੋਏ
ਟ੍ਰੈਫਿਕ ਨਿਯਮਾਂ ਦੀ ਉਲੰਘਣਾ - ਚਲਾਨ
ਬਿਨਾਂ ਹੈਲਮੇਟ - 683
ਸ਼ਰਾਬ ਪੀ ਕੇ ਡਰਾਈਵਿੰਗ - 100
ਟ੍ਰਿੱਪਲ ਰਾਈਡਿੰਗ-104
ਪ੍ਰੈਸ਼ਰ ਹਾਰਨ, ਸਾਇਲੈਂਸਰ ਮੋਡੀਫਾਈ ਤੇ ਬੁਲੇਟ - 100
ਮੋਟਰਸਾਈਕਲ ਨਾਲ ਪਟਾਕੇ ਵਜਾਉਣਾ
ਬਿਨਾਂ ਸੀਟ ਬੈਲਟ ਦੇ ਗੱਡੀ ਚਲਾਉਣਾ -86
ਓਵਰ ਸਪੀਡ - 24
ਵਾਹਨ ਜ਼ਬਤ -319
ਹੋਰ ਚਲਾਨ -100