ਰੁਦਰਾਖਸ਼ ਦਰਸ਼ਨ ਯਾਤਰਾ 'ਚ ਸ਼ਿਵ ਭਗਤਾਂ ਨੇ ਬੰਨ੍ਹੇ ਰੰਗ, 45 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਟੇਕਿਆ ਮੱਥਾ

03/02/2021 11:03:43 PM

ਗੜ੍ਹਸ਼ੰਕਰ, (ਸ਼ੋਰੀ)- ਮਹਾਸ਼ਿਵਰਾਤਰੀ ਦੇ ਸਬੰਧ ਵਿਚ 2 ਦਿਨਾ ਰੁਦਰਾਖਸ਼ ਦਰਸ਼ਨ ਯਾਤਰਾ ਦਾ ਆਯੋਜਨ ਇੱਥੋਂ ਦੇ ਪਿੰਡ ਕਾਲੇਵਾਲ ਬੀਤ ਤੋਂ ਮਾਹਿਲਪੁਰ ਤੱਕ ਕੀਤਾ ਗਿਆ। ਇਲਾਕੇ ਭਰ ਦੇ ਸਮੂਹ ਸ਼ਿਵ ਭਗਤਾਂ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤੀ ਗਈ ਰੁਦਰਾਖਸ਼ ਦਰਸ਼ਨ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਦਿਲ ਖੋਲ੍ਹ ਕੇ ਖੁੱਲ੍ਹੇ ਗੱਫਿਆਂ ’ਚ ਗੰਗਾਜਲ ਅਤੇ ਰੁਦਰਾਖਸ਼ ਦੀਆਂ ਮਾਲਾ ਅਤੇ ਬ੍ਰੈਸਲੇਟ ਭੇਟ ਕੀਤੇ ਗਏ। ਇਸ 60 ਕਿਲੋਮੀਟਰ ਲੰਬੀ ਯਾਤਰਾ ਦੌਰਾਨ 45 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ। ਪ੍ਰਬੰਧਕੀ ਕਮੇਟੀ ਵੱਲੋਂ ਸ਼ਰਧਾਲੂਆਂ ਨੂੰ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਸੀ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਚੜ੍ਹਾਵਾ ਨਾ ਚੜ੍ਹਾਇਆ ਜਾਵੇ ਅਤੇ ਨਿਰੋਲ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਜਾਵੇ ਅਤੇ ਸ਼ਿਵਲਿੰਗ ਉੱਪਰ ਸਿਰਫ ਫੁੱਲ ਭੇਟ ਕੀਤੇ ਜਾਣ।

PunjabKesari

ਕਾਲੇਵਾਲ ਬੀਤ ਤੋਂ ਸ਼ੁਰੂ ਹੋਈ ਇਹ ਯਾਤਰਾ ਪਿੰਡ ਸੀਹਵਾਂ, ਸੇਖੋਵਾਲ, ਹੈਬੋਵਾਲ, ਟੱਬਾ, ਹਰਵਾਂ, ਨੈਣਵਾਂ, ਅਚਲਪੁਰ, ਭਵਾਨੀਪੁਰ, ਕਾਲੇਵਾਲ, ਰਤਨਪੁਰ, ਝੋਨੇਵਾਲ, ਡੱਲੇਵਾਲ, ਅੱਡਾ ਝੁੰਗੀਆਂ, ਕੋਕੋਵਾਲ, ਮਜਾਰੀ, ਬੀਣੇਵਾਲ, ਮਹਿੰਦਵਾਣੀ, ਭੰਡਿਆਰ, ਡੰਗੋਰੀ ਹੁੰਦੀ ਹੋਈ ਪਹਿਲੇ ਦਿਨ ਪੰਡੋਰੀ ਵਿਚ ਪਹੁੰਚੀ। ਦੂਸਰੇ ਦਿਨ ਪੰਡੋਰੀ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਬਾਰਾਪੁਰ ਅੱਡਾ, ਕੋਟ, ਕੋਟ ਰਾਜਪੂਤ, ਬਸਤੀ, ਸ਼ਾਹਪੁਰ, ਖਾਨਪੁਰ, ਗੜ੍ਹੀ ਮੱਟੋਂ ਹੁੰਦੇ ਹੋਏ ਗੜ੍ਹਸ਼ੰਕਰ ਮਾਤਾ ਚਿੰਤਪੂਰਨੀ ਮੰਦਰ ਪਹੁੰਚੀ ਅਤੇ ਇੱਥੋਂ ਮੁੜ ਬਡੇਸਰੋਂ, ਸਤਨੌਰ, ਸੈਲਾ ਖੁਰਦ, ਟੂਟੋਮਜਾਰਾ, ਮਾਹਿਲਪੁਰ ਲਈ ਰਵਾਨਾ ਹੋਈ।

ਰੁਦਰਾਖਸ਼ ਦਰਸ਼ਨ ਯਾਤਰਾ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਸੰਕੀਰਤਨ ਮੰਡਲੀਆਂ, ਵੱਖ ਵੱਖ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਨਿਰੋਲ ਭਗਵਾਨ ਸ਼ਿਵ ਦੀ ਅਰਾਧਨਾ ਕਰਦੇ ਹੋਏ ਆਮ ਸ਼ਰਧਾਲੂਆਂ ਵਜੋਂ ਸ਼ਿਰਕਤ ਕੀਤੀ। ਕਸਬਾ ਮਾਹਿਲਪੁਰ ਵਿਚ ਸ਼ਿਵ ਭਗਤਾਂ ਵੱਲੋਂ ਹਾਥੀ, ਬੈਂਡ ਬਾਜੇ ਅਤੇ ਸੰਕੀਰਤਨ ਮੰਡਲੀਆਂ ਦੀ ਅਗਵਾਈ ਵਿੱਚ ਯਾਤਰਾ ਦਾ ਧੂਮ-ਧੜੱਕੇ ਨਾਲ ਸਵਾਗਤ ਕੀਤਾ ਗਿਆ।

ਇਲਾਕਾ ਬੀਤ ਵਿਚ ਪਹਿਲੀ ਵਾਰ ਹੋਈ ਇਸ ਤਰ੍ਹਾਂ ਦੇ ਭਗਵਾਨ ਭੋਲੇ ਸ਼ੰਕਰ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿਚ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਸਾਹਮਣੇ ਆਇਆ। ਹਰ ਪਿੰਡ ਤੋਂ ਸ਼ਿਵ ਭਗਤਾਂ ਵੱਲੋਂ ਇਕ ਵਿਸ਼ੇਸ਼ ਝਾਕੀ ਅਤੇ ਸੰਗਤ ਦੀਆਂ ਟਰਾਲੀਆਂ ਮਾਹਿਲਪੁਰ ਤਕ ਭੇਜੀਆਂ ਗਈਆਂ।


Bharat Thapa

Content Editor

Related News