ਵਿੰਟੇਜ ਨੰਬਰ ਵਾਲੇ ਏਜੰਟ ਦੇ ਨਿੱਜੀ ਕਰਿੰਦੇ ਨਾਲ ਜੁੜ ਰਹੇ ਤਾਰ, ਵੱਧ ਸਕਦੀਆਂ ਹਨ ਮੁਸ਼ਕਲਾਂ
Saturday, Mar 03, 2018 - 11:35 AM (IST)

ਜਲੰਧਰ (ਅਮਿਤ)— ਆਰ. ਟੀ. ਏ. ਦਫਤਰ ਵਿਚ ਆਰ. ਸੀ. ਟਰਾਂਸਫਰ ਲਈ ਮੈਜਿਸਟਰੇਟ ਦੇ ਜਾਅਲੀ ਸਾਈਨ ਵਾਲੇ ਐਫੀਡੇਵਿਟ ਲਾਉਣ ਦੇ ਮਾਮਲੇ ਵਿਚ ਕੁਝ ਦੇਰ ਪਹਿਲਾਂ ਸੁਰਖੀਆਂ ਵਿਚ ਆਏ ਵਿੰਟੇਜ ਨੰਬਰ ਵਾਲੇ ਏਜੰਟ ਅਤੇ ਉਸ ਦੀ ਸਹਾਇਤਾ ਕਰਨ ਵਾਲੇ ਇਕ ਨਿੱਜੀ ਕਰਿੰਦੇ ਨਾਲ ਤਾਰ ਜੁੜ ਰਹੇ ਹਨ। ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ ਵੱਲੋਂ ਸਾਈਨ ਅਤੇ ਮੋਹਰਾਂ ਨੂੰ ਪਹਿਲਾਂ ਹੀ ਜਾਅਲੀ ਦੱਸਿਆ ਜਾ ਚੁੱਕਾ ਹੈ, ਜਿਸ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਏਜੰਟਾਂ ਨੂੰ ਕਿਸੇ ਵੀ ਕਾਨੂੰਨ ਦਾ ਕੋਈ ਡਰ ਨਹੀਂ ਹੈ ਅਤੇ ਉਹ ਸ਼ਰੇਆਮ ਗਲਤ ਕੰਮਾਂ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਜਿਸ ਵਿਚ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੋਵਾਂ ਦੀਆਂ ਮੁਸ਼ਕਲਾਂ ਕਾਫੀ ਵੱਧ ਸਕਦੀਆਂ ਹਨ।
ਵਿਜੀਲੈਂਸ ਦੀ ਰੇਡ ਤੋਂ ਬਾਅਦ ਘਰ ਸ਼ਿਫਟ ਕੀਤਾ ਸਾਰਾ ਕੰਮ
ਜਾਣਕਾਰੀ ਅਨੁਸਾਰ ਨਿੱਜੀ ਕਰਿੰਦੇ ਦਾ ਪੈਸਿਆਂ ਨੂੰ ਲੈ ਕੇ ਮੋਹ ਇੰਨਾ ਜ਼ਿਆਦਾ ਹੈ ਕਿ ਵਿਜੀਲੈਂਸ ਦੀ ਰੇਡ ਦਾ ਉਸ ਦੇ ਉਪਰ ਕੋਈ ਅਸਰ ਨਹੀਂ ਹੋਇਆ, ਜਿਸ ਕਾਰਨ ਉਸ ਨੇ ਸਾਰਾ ਕੰਮ ਆਪਣੇ ਘਰ ਵਿਚ ਸ਼ਿਫਟ ਕਰ ਲਿਆ ਹੈ। ਵਿੰਟੇਜ ਨੰਬਰ ਵਾਲਾ ਏਜੰਟ ਨਿੱਜੀ ਕਰਿੰਦੇ ਕੋਲ ਕੰਮ ਲੈ ਕੇ ਆÀੁਂਦਾ ਹੈ। ਨਿੱਜੀ ਕਰਿੰਦਾ ਸਵੇਰੇ ਥੋੜ੍ਹੀ ਦੇਰ ਲਈ ਦਫਤਰ ਆਉਂਦਾ ਹੈ ਅਤੇ ਜ਼ਰੂਰੀ ਦਸਤਾਵੇਜ਼ ਅਤੇ ਹੋਰ ਕਾਰਵਾਈਆਂ ਪੂਰੀਆਂ ਕਰਕੇ ਆਪਣੇ ਘਰ ਜਾ ਕੇ ਬਾਕੀ ਕੰਮ ਕਰਦਾ ਹੈ। ਹਾਲਾਂਕਿ ਕਿਸੇ ਕਰਮਚਾਰੀ ਵੱਲੋਂ ਇਨ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ, ਉਸ ਬਾਰੇ ਅਜੇ ਕੁੱਝ ਸਾਫ ਨਹੀਂ ਹੈ ਪਰ ਇੰਨਾ ਤੈਅ ਹੈ ਕਿ ਇਨ੍ਹਾਂ ਨੂੰ ਦਫਤਰ ਤੋਂ ਜ਼ਰੂਰ ਕੁਝ ਮਦਦ ਮਿਲ ਰਹੀ ਹੈ।
ਮਰ ਚੁੱਕੇ ਵਿਅਕਤੀਆਂ ਦੇ ਘਰ ਜਾ ਕੇ ਜਾਅਲੀ ਸਾਈਨ ਕਰਵਾਉਣ ਦੀ ਚਰਚਾ
ਮੈਜਿਸਟਰੇਟ ਦੇ ਜਾਅਲੀ ਸਾਈਨ ਕਰਨ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਆਰ. ਟੀ. ਏ. ਦਫਤਰ ਵਿਚ ਇਸ ਗੱਲ ਦੀ ਚਰਚਾ ਵੀ ਸ਼ੁਰੂ ਹੋ ਗਈ ਕਿ ਉਕਤ ਜੋੜੀ ਨੇ ਨਾ ਸਿਰਫ ਜਾਅਲੀ ਮੋਹਰਾਂ ਲਾ ਕੇ ਜਾਅਲੀ ਸਾਈਨ ਕੀਤੇ ਹਨ ਸਗੋਂ ਇਹ ਦਫਤਰ ਵਿਚ ਪੁਰਾਣੇ ਵਿੰਟੇਜ ਨੰਬਰਾਂ ਦੀ ਡਿਟੇਲ ਲੈ ਕੇ ਅਸਲ ਮਾਲਕ ਦੇ ਪਤੇ 'ਤੇ ਜਾਂਦੇ ਸਨ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਅਸਲ ਮਾਲਕ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਉਸ ਦੇ ਜਾਅਲੀ ਸਾਈਨ ਕਰਕੇ ਅੱਗੇ ਵੇਚਣ ਦੇ ਗੋਰਖਧੰਦੇ ਨੂੰ ਅੰਜਾਮ ਦੇ ਰਹੇ ਸਨ। ਫਿਲਹਾਲ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਦਫਤਰ ਵਿਚ ਇਸ ਗੱਲ ਦੀ ਚਰਚਾ ਬੜੇ ਜ਼ੋਰ-ਸ਼ੋਰ ਨਾਲ ਹੋ ਰਹੀ ਹੈ।
ਕਰੋੜਾਂ ਰੁਪਏ ਦੀ ਪ੍ਰਾਪਰਟੀ ਦਾ ਮਾਲਕ ਬਣ ਚੁੱਕੈ ਨਿੱਜੀ ਕਰਿੰਦਾ
ਸੂਤਰਾਂ ਦੀ ਮੰਨੀਏ ਤਾਂ ਇਸ ਤਰ੍ਹਾਂ ਦੇ ਗਲਤ ਕੰਮ ਕਰਕੇ ਨਿੱਜੀ ਕਰਿੰਦਾ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਬਣ ਚੁੱਕਾ ਹੈ। ਇਸ ਕੰਮ 'ਚ ਉਸ ਨੇ ਆਪਣੇ ਇਕ ਨਜ਼ਦੀਕੀ ਰਿਸ਼ਤੇਦਾਰ ਨੂੰ ਸ਼ਾਮਲ ਕਰ ਲਿਆ ਹੈ। ਕਾਲੀ ਕਮਾਈ ਦੇ ਦਮ 'ਤੇ ਉਹ ਵਿਦੇਸ਼ ਦੀ ਸੈਰ ਵੀ ਕਰਦਾ ਰਹਿੰਦਾ ਹੈ।
ਕੀ ਕਹਿੰਦੇ ਹਨ ਲੀਗਲ ਐਕਸਪਰਟ?
ਸੀਨੀਅਰ ਐਡਵੋਕੇਟ ਕੇ. ਕੇ. ਅਰੋੜਾ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਜਾਅਲੀ ਸਾਈਨ ਕਰਨਾ ਜਾਂ ਫਿਰ ਜਾਅਲੀ ਮੋਹਰ ਬਣਾ ਕੇ ਉਸ ਦਾ ਇਸਤੇਮਾਲ ਕਰਨਾ ਧੋਖੇਬਾਜ਼ੀ ਹੈ। ਇਸ ਤਰ੍ਹਾਂ ਕਰਨ ਵਾਲਿਆਂ ਖਿਲਾਫ ਪਰਚਾ ਦਰਜ ਹੋ ਸਕਦਾ ਹੈ ਅਤੇ 2 ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ। 467 ਦੇ ਅਧੀਨ ਦੋਸ਼ੀ ਨੂੰ ਉਮਰਕੈਦ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਜਾਂ 10 ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਧਾਰਾ 468 ਤਹਿਤ ਦੋਸ਼ੀ ਪਾਏ ਜਾਣ 'ਤੇ 7 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਇਸੇ ਤਰ੍ਹਾਂ ਧਾਰਾ 471 ਦੇ ਤਹਿਤ ਦੋਸ਼ੀ ਪਾਏ ਜਾਣ 'ਤੇ 2 ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵਾਂ ਦਾ ਪ੍ਰਬੰਧ ਹੈ।
ਜਗ ਬਾਣੀ ਨੇ ਪਹਿਲਾਂ ਹੀ ਕਰ 'ਤਾ ਸੀ ਖੁਲਾਸਾ
ਦੱਸਣਯੋਗ ਹੈ ਕਿ ਵਿਜੀਲੈਂਸ ਦੀ ਰੇਡ ਤੋਂ ਪਹਿਲਾਂ ਹੀ ਜਗ ਬਾਣੀ ਵੱਲੋਂ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਗਿਆ ਸੀ ਕਿ ਕਿਵੇਂ ਸ਼ਹਿਰ ਦੇ ਕੁਝ ਵੱਡੇ ਏਜੰਟਾਂ ਨੇ ਆਪਣੇ ਦਫਤਰ ਵਿਚ ਹੀ ਆਰ. ਟੀ. ਏ. ਦਫਤਰ ਖੋਲ੍ਹ ਰੱਖਿਆ ਹੈ ਅਤੇ ਹਰ ਛੋਟੇ-ਮੋਟੇ ਕੰਮ ਨੂੰ ਅੰਜਾਮ ਦੇਣ ਲਈ ਉਨ੍ਹਾਂ ਕੋਲ ਹਰ ਸਾਧਨ ਮੌਜੂਦ ਹੈ। ਆਪਣੇ ਕੰਮ ਕਰਵਾਉਣ ਲਈ ਉਕਤ ਵੱਡੇ ਏਜੰਟ ਬਿਨਾਂ ਕਿਸੇ ਡਰ ਦੇ ਹਰ ਕਾਇਦੇ-ਕਾਨੂੰਨ ਅਤੇ ਨਿਯਮਾਂ ਨੂੰ ਤੋੜ ਰਹੇ ਹਨ। ਆਰ. ਟੀ. ਏ. ਦਫਤਰ ਵਿਚ ਕੰਮ ਕਰਵਾਉਣ ਵਿਚ ਕੋਈ ਰੁਕਾਵਟ ਨਾ ਆਵੇ, ਇਸ ਲਈ ਉਨ੍ਹਾਂ ਆਪਣੇ ਕੋਲ ਪੂਰੇ ਪੰਜਾਬ ਦੇ ਆਰ. ਟੀ. ਏ. ਦਫਤਰਾਂ ਦੀਆਂ ਜਾਅਲੀ ਮੋਹਰਾਂ ਤੱਕ ਬਣਾ ਕੇ ਰੱਖੀਆਂ ਹੋਈਆਂ ਹਨ, ਜਿਨ੍ਹਾਂ ਦਾ ਇਸਤੇਮਾਲ ਆਰ. ਸੀ. ਦੀ ਵੈਰੀਫਿਕੇਸ਼ਨ ਜਾਂ ਤੱਤਕਾਲ ਕਾਪੀ ਦੇ ਲਈ ਕੀਤਾ ਜਾਂਦਾ ਹੈ। ਇਨ੍ਹਾਂ ਜਾਅਲੀ ਮੋਹਰਾਂ ਦਾ ਖੁੱਲ੍ਹ ਕੇ ਇਸਤੇਮਾਲ ਕਰਕੇ ਵਿੰਟੇਜ ਨੰਬਰ ਵਾਲੇ ਏਜੰਟਾਂ ਅਤੇ ਨਿੱਜੀ ਕਰਿੰਦਿਆਂ ਨੇ ਥੜੱਲੇ ਨਾਲ ਪੁਰਾਣੀ ਸੀਰੀਜ਼ ਵਾਲੇ ਨੰਬਰ ਮੋਟੀ ਰਾਸ਼ੀ ਲੈ ਕੇ ਵੇਚੇ ਅਤੇ ਆਪਣੀਆਂ ਜੇਬਾਂ ਗਰਮ ਕੀਤੀਆਂ, ਜਿਸ ਦਾ ਪਤਾ ਵਿਜੀਲੈਂਸ ਦੀ ਜਾਂਚ ਵਿਚ ਵੀ ਲੱਗ ਚੁੱਕਾ ਹੈ। ਇਸ ਮਾਮਲੇ ਵਿਚ ਕਿਸੇ ਵੀ ਸਮੇਂ ਵੱਡੀ ਕਾਰਵਾਈ ਸੰਭਵ ਹੈ ਤੇ ਜਾਅਲੀ ਸਰਕਾਰੀ ਮੋਹਰਾਂ ਬਣਾਉਣ ਅਤੇ ਮੈਜਿਸਟਰੇਟ ਦੇ ਜਾਅਲੀ ਸਾਈਨ ਕਰਨ 'ਤੇ ਪਰਚਾ ਤੱਕ ਦਰਜ ਹੋ ਸਕਦਾ ਹੈ।