ਲੁੱਟ ਲਓ ਨਜ਼ਾਰੇ ਚੋਣਾਂ ਦੇ : ਰਾਇਲ ਸਟੈਗ 10 ਰੁਪਏ ਤੇ RC ਦੀ ਬੋਤਲ 100 ਰੁਪਏ ’ਚ!
Thursday, Dec 19, 2024 - 05:41 AM (IST)
ਭੋਗਪਰ (ਰਾਣਾ) - ਨਗਰ ਕੌਂਸਲ ਭੋਗਪੁਰ ਦੀਆਂ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦਾ ਘਮਾਸਾਨ ਜਾਰੀ ਹੈ। ਇਨ੍ਹਾਂ ਚੋਣਾਂ ’ਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ, ਜਿਸ ਲਈ ਚੋਣ ਲੜ ਹੋਏ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ।
ਜਿਥੇ ਪੈਸੇ ਤੇ ਹੋਰ ਚੀਜ਼ਾਂ ਵੋਟਰਾਂ ਤੱਕ ਪਹੁੰਚਾਉਣ ਲਈ ਉਮੀਦਵਾਰ ਪੈਰਾਂ ਭਾਰ ਹੋਏ ਪਏ ਹਨ, ਉਥੇ ਨਾਲ ਹੀ ਸ਼ਰਾਬ ਦੇ ਸ਼ੌਕੀਨਾਂ ਨੂੰ ਸ਼ਰਾਬ ਪਹੁੰਚਾਉਣ ਲਈ ਇਨ੍ਹਾਂ ਉਮੀਦਵਾਰਾਂ ਵੱਲੋਂ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁੱਖ ਤੌਰ ’ਤੇ ਨਗਰ ਕੌਂਸਲ ਦੀਆਂ ਚੋਣਾਂ ’ਚ ਦੋ ਧੜੇ ਆਹਮੋ-ਸਾਹਮਣੇ ਹਨ। ਇਨ੍ਹਾਂ ਦੋਵਾਂ ਧੜਿਆਂ ਵੱਲੋਂ ਵੋਟਰਾਂ ਤੱਕ ਸ਼ਰਾਬ ਪਹੁੰਚਾਉਣ ਲਈ ਇਕ ਨਿਵੇਕਲਾ ਤਰੀਕਾ ਅਪਣਾਇਆ ਜਾ ਰਿਹਾ ਹੈ। ਦੋਵੇਂ ਧੜਿਆਂ ਵੱਲੋਂ 10 ਰੁਪਏ ਅਤੇ 100 ਰੁਪਏ ਦੇ ਨੋਟਾਂ ਦੀਆਂ ਨਵੀਆਂ ਗੱਠੀਆਂ ਲੈ ਕੇ ਨੋਟ ਵੋਟਰਾਂ ’ਚ ਵੰਡੇ ਜਾ ਰਹੇ ਹਨ, ਜਿਸ ਦੇ ਆਧਾਰ ’ਤੇ ਸ਼ਰਾਬ ਦੇ ਠੇਕਿਆਂ ’ਤੇ 10 ਰੁਪਏ ਅਤੇ 100 ਰੁਪਏ ਦੇ ਨੋਟ ਬਦਲੇ ਉਪਰੋਤਕ ਬਰਾਂਡ ਦੀਆਂ ਸ਼ਰਾਬ ਦੀਆਂ ਬੋਤਲਾਂ ਦਿੱਤੀਆਂ ਜਾ ਰਹੀਆਂ ਹਨ।
ਐਕਸਾਈਜ਼ ਵਿਭਾਗ ਵੱਲੋਂ ਚੋਣਾਂ ’ਚ ਸ਼ਰਾਬ ਦੀ ਦੁਰਵਰਤੋਂ ਰੋਕਣ ਲਈ ਬੇਸ਼ੱਕ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ’ਚ ਸਥਿਤੀ ਕੁਝ ਹੋਰ ਹੀ ਹੈ। ਹੁਣ ਜਦ ਕਿ 21 ਦਸੰਬਰ ਨੂੰ ਨਗਰ ਕੌਂਸਲ ਭੋਗਪੁਰ ਦੀਆਂ ਚੋਣਾਂ ਲਈ ਪੋਲਿੰਗ ਹੋਣੀ ਹੈ, ਅਜਿਹੀ ਸਥਿਤੀ ’ਚ ਐਕਸਾਈਜ਼ ਵਿਭਾਗ ਕਿਹੋ ਜਿਹੀ ਸਖਤੀ ਵਰਤਦਾ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੋਣਾਂ ਲੜ ਰਹੇ ਉਮੀਦਵਾਰਾਂ ਵੱਲੋਂ ਇਸ ਤੋਂ ਇਲਾਵਾ ਵੀ ਨਾਜਾਇਜ਼ ਤੌਰ ’ਤੇ ਸ਼ਰਾਬ ਸਟੋਰ ਕੀਤੀ ਹੋਈ ਹੈ, ਜੋ ਆਉਣ ਵਾਲੇ ਦਿਨਾਂ ’ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵਰਤੀ ਜਾਵੇਗੀ।