ਹਾਈਵੇਅ 'ਤੇ ਲੱਗੇ ਧਰਨੇ ਕਾਰਨ ਸੜਕਾਂ 'ਤੇ ਜਾਮ ਨਾਲ ਹਾਹਾਕਾਰ, ਤੀਜੀ ਵਾਰ ਬਦਲਿਆ 'ਰੂਟ ਪਲਾਨ'
Tuesday, Aug 24, 2021 - 09:46 AM (IST)
ਜਲੰਧਰ (ਵਰੁਣ) : ਗੰਨਾ ਸੰਘਰਸ਼ ਕਮੇਟੀ ਵੱਲੋਂ ਜਲੰਧਰ ਦੇ ਪਿੰਡ ਧੰਨੋਵਾਲੀ ਸਾਹਮਣੇ ਹਾਈਵੇਅ ’ਤੇ ਲਾਏ ਗਏ ਧਰਨੇ ਕਾਰਨ ਟ੍ਰੈਫਿਕ ਜਾਮ ਹੋਣ ਨਾਲ ਹਾਹਾਕਾਰ ਮਚੀ ਹੋਈ ਹੈ। ਬੱਸਾਂ ਵੀ ਹੁਣ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚੋਂ ਹੁੰਦੇ ਹੋਏ ਬੱਸ ਸਟੈਂਡ ਵੱਲ ਜਾ ਰਹੀਆਂ ਹਨ, ਜਿਸ ਕਾਰਨ ਟ੍ਰੈਫਿਕ ਜਾਮ ਦੀ ਲਪੇਟ ਵਿਚ ਸਿਰਫ ਹਾਈਵੇਅ ਹੀ ਨਹੀਂ, ਸਗੋਂ ਸ਼ਹਿਰ ਦੀਆਂ ਸੜਕਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਸ਼ਹਿਰ ਦੇ ਬਾਹਰ ਅਤੇ ਅੰਦਰ ਲੱਗ ਰਹੇ ਜਾਮ ਕਾਰਨ 20 ਅਗਸਤ ਤੋਂ ਲੈ ਕੇ ਹੁਣ ਤੱਕ ਤੀਜੀ ਵਾਰ ਟ੍ਰੈਫਿਕ ਪੁਲਸ ਰੂਟ ਪਲਾਨ ਬਦਲ ਚੁੱਕੀ ਹੈ। ਸੋਮਵਾਰ ਨੂੰ ਵੀ ਟ੍ਰੈਫਿਕ ਪੁਲਸ ਦੇ ਏ. ਸੀ. ਪੀ. ਹਰਬਿੰਦਰ ਸਿੰਘ ਭੱਲਾ ਨੇ ਵੀਡੀਓ ਜਾਰੀ ਕਰ ਕੇ ਟ੍ਰੈਫਿਕ ਰੂਟ ਦੱਸਿਆ। ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਵੀ ਕਿਹਾ ਕਿ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਵਿਚੋਂ ਬਾਹਰ ਕੱਢਣ ਲਈ ਟ੍ਰੈਫਿਕ ਪੁਲਸ ਸਮਰੱਥ ਹੈ ਤੇ ਇਸੇ ਕਰ ਕੇ ਨਵੇਂ ਰੂਟ ਪਲਾਨ ਬਣਾਏ ਜਾ ਰਹੇ ਹਨ ਤਾਂ ਕਿ ਲੋਕ ਜਾਮ ਵਿਚ ਨਾ ਫਸਣ।
ਇਹ ਵੀ ਪੜ੍ਹੋ : ਪੰਜਾਬ ’ਚ ਹੁਣ 630 ਰੁਪਏ 'ਚ ਹੋਣਗੇ ਪਾਣੀ ਦੀ ਗੁਣਵੱਤਾ ਜਾਂਚ ਦੇ 18 ਟੈਸਟ, ਜਾਰੀ ਹੋਏ ਹੁਕਮ
ਲੁਧਿਆਣਾ ਤੋਂ ਜਲੰਧਰ ਵੱਲ ਆਉਣ ਵਾਲਿਆਂ ਲਈ ਰੂਟ ਪਲਾਨ
ਏ. ਸੀ. ਪੀ. ਟ੍ਰੈਫਿਕ ਭੱਲਾ ਨੇ ਦੱਸਿਆ ਕਿ ਲੁਧਿਆਣਾ ਤੋਂ ਜਲੰਧਰ ਆਉਣ ਲਈ ਫਿਲੌਰ, ਨੂਰਮਹਿਲ, ਜੰਡਿਆਲਾ, ਨਕੋਦਰ ਅਤੇ ਫਿਰ ਜਲੰਧਰ ਦਾ ਰੂਟ ਅਪਣਾਇਆ ਜਾਵੇ। ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ ਆਉਣ ਲਈ ਦੂਜਾ ਰੂਟ ਫਿਲੌਰ, ਰੁੜਕਾ ਕਲਾਂ, ਜੰਡਿਆਲਾ ਅਤੇ ਫਿਰ ਜਲੰਧਰ ਸਿਟੀ ਦੱਸਿਆ ਗਿਆ ਹੈ। ਲੁਧਿਆਣਾ ਤੋਂ ਜਲੰਧਰ ਆਉਣ ਲਈ ਤੀਜਾ ਰੂਟ ਫਿਲੌਰ ਤੋਂ ਨਵਾਂਸ਼ਹਿਰ, ਰਾਹੋਂ, ਗੜ੍ਹਸ਼ੰਕਰ, ਹੁਸ਼ਿਆਰਪੁਰ ਅਤੇ ਫਿਰ ਰਾਮਾ ਮੰਡੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਮਨਾਕ ਵਾਰਦਾਤ, 12 ਸਾਲਾ ਬੱਚੀ ਦੀ ਧੌਣ 'ਤੇ ਦਾਤਰ ਰੱਖ ਨੌਜਵਾਨ ਨੇ ਕੀਤਾ ਜਬਰ-ਜ਼ਿਨਾਹ
ਏ. ਸੀ. ਪੀ. ਭੱਲਾ ਨੇ ਕਿਹਾ ਕਿ ਜੰਮੂ ਅਤੇ ਪਠਾਨਕੋਟ ਤੋਂ ਲੁਧਿਆਣਾ ਜਾਣ ਵਾਲਾ ਟ੍ਰੈਫਿਕ ਦਸੂਹਾ ਅਤੇ ਟਾਂਡਾ ਹੁੰਦੇ ਹੁਸ਼ਿਆਰਪੁਰ, ਫਿਰ ਫਗਵਾੜਾ ਪਹੁੰਚ ਕੇ ਲੁਧਿਆਣਾ ਜਾ ਸਕਦਾ ਹੈ। ਅੰਮ੍ਰਿਤਸਰ ਤੋਂ ਲੁਧਿਆਣਾ ਤੇ ਚੰਡੀਗੜ੍ਹ ਜਾਣ ਵਾਲਾ ਟ੍ਰੈਫਿਕ ਕਰਤਾਰਪੁਰ ਤੋਂ ਕਿਸ਼ਨਗੜ੍ਹ, ਆਦਮਪੁਰ, ਕਠਾਰ ਅਤੇ ਫਿਰ ਹੁਸ਼ਿਆਰਪੁਰ ਤੋਂ ਫਗਵਾੜਾ ਜਾ ਸਕਦਾ ਹੈ, ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਆਉਣ ਵਾਲਾ ਟ੍ਰੈਫਿਕ ਆਸਾਨੀ ਨਾਲ ਲੁਧਿਆਣਾ ਅਤੇ ਚੰਡੀਗੜ੍ਹ ਪਹੁੰਚ ਜਾਵੇਗਾ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਵੇਂ ਬਣਾਏ ਗਏ ਇਸ ਰੂਟ ਦੀ ਵਰਤੋਂ ਕਰਨ। ਇਸ ਰੂਟ ’ਤੇ ਵੀ ਟ੍ਰੈਫਿਕ ਪੁਲਸ ਮੁਲਾਜ਼ਮ ਅਤੇ ਥਾਣਿਆਂ ਦੀ ਪੁਲਸ ਤਾਇਨਾਤ ਰਹੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ