ਰੋਪੜ ''ਚ ਕੱਲ੍ਹ ਸਰਕਾਰੀ ਤੇ ਗੈਰ-ਸਰਕਾਰੀ ਸਿੱਖਿਅਕ ਅਦਾਰੇ ਰਹਿਣਗੇ ਬੰਦ

Sunday, Aug 18, 2019 - 07:02 PM (IST)

ਰੋਪੜ ''ਚ ਕੱਲ੍ਹ ਸਰਕਾਰੀ ਤੇ ਗੈਰ-ਸਰਕਾਰੀ ਸਿੱਖਿਅਕ ਅਦਾਰੇ ਰਹਿਣਗੇ ਬੰਦ

ਰੋਪੜ (ਸੱਜਣ)— ਰੋਪੜ 'ਚ ਭਾਰੀ ਬਾਰਿਸ਼ ਦੇ ਚਲਦਿਆਂ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਰੂਪਨਗਰ ਵੱਲੋਂ ਕੱਲ੍ਹ ਯਾਨੀ ਸੋਮਵਾਰ ਨੂੰ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਦੱਸ ਦੇਈਏ ਕਿ ਭਾਰੀ ਬਾਰਿਸ਼ ਪੈਣ ਕਰਕੇ ਰੋਪੜ ਦੇ ਕਈ ਪਿੰਡ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਭਾਰੀ ਬਾਰਿਸ਼ ਅਤੇ ਭਾਖੜਾ ਡੈਮ ਦੇ ਫਲੱਡ ਗੇਟਾਂ ਤੋਂ ਛੱਡੇ ਪਾਣੀ ਨਾਲ ਜ਼ਿਲਾ ਰੂਪਨਗਰ ਦੇ ਹੇਠਲੇ ਕਈ ਇਲਾਕਿਆਂ 'ਚ ਹੜ੍ਹਾਂ ਦਾ ਪਾਣੀ ਭਰਨ ਕਰਕੇ ਭਾਰੀ ਤਬਾਹੀ ਹੋਈ ਹੈ। ਜ਼ਿਲੇ ਦੇ ਕਈ ਪਿੰਡਾਂ 'ਚ 9-9 ਫੁੱਟ ਪਾਣੀ ਭਰਿਆ ਹੈ ਅਤੇ ਲੋਕ ਜਾਨ ਬਚਾਉਣ ਲਈ ਛੱਤਾਂ 'ਤੇ ਚੜੇ ਹੋਏ ਹਨ। 

ਜ਼ਿਲੇ 'ਚ ਭਰੇ ਪਾਣੀ ਕਰਕੇ ਰੇਲ ਪੱਟੜੀਆਂ ਵੀ ਪਾਣੀ 'ਚ ਡੁੱਬ ਗਈਆਂ ਹਨ, ਜਿਸ ਕਰਕੇ ਰੇਲ ਵਿਭਾਗ ਵੱਲੋਂ ਸਵੇਰ ਤੋਂ ਹੀ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਹਨ। ਦਿੱਲੀ ਤੋਂ ਊਨਾ ਨੂੰ ਚੱਲਣ ਵਾਲੀ ਹਿਮਾਚਲ ਐਕਸਪ੍ਰੈੱਸ ਟਰੇਨ ਜੋ ਸ਼ਨੀਵਾਰ ਨੂੰ ਦਿੱਲੀ ਤੋਂ ਚੱਲੀ ਸੀ, ਉਸ ਨੂੰ ਸਵੇਰੇ 5 ਵਜੇਂ ਰੂਪਨਗਰ ਰੇਲਵੇ ਸਟੇਸ਼ਨ 'ਤੇ ਹੀ ਰੋਕ ਦਿੱਤਾ ਗਿਆ। ਇਸ ਕਰਕੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਪਨਗਰ ਤੋਂ ਵੱਖ-ਵੱਖ ਸਟੇਸ਼ਨ ਲਈ ਰੋਜਾਨਾਂ 11  ਮੁਸਾਫਿਰ ਟਰੇਨਾਂ ਅਤੇ ਦਰਜਨ ਦੇ ਕਰੀਬ ਢੋਅ ਢੁਆਈ ਵਾਲੀਆਂ ਟਰੇਨਾਂ ਚੱਲਦੀਆਂ ਹਨ, ਜਿਨ੍ਹਾਂ ਨੂੰ ਹੜ੍ਹਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ।


author

shivani attri

Content Editor

Related News