ਦੰਦਰਾਲਾ ਖਰੌੜ ''ਚ ਵੀ ਡਿੱਗੀ ਛੱਤ ; 2 ਬੱਚੇ ਜ਼ਖਮੀ
Friday, Jun 30, 2017 - 07:28 AM (IST)

ਨਾਭਾ (ਭੁਪਿੰਦਰ ਭੂਪਾ) - ਭਾਰੀ ਮੀਂਹ ਕਾਰਨ ਅੱਜ ਪਿੰਡ ਦੰਦਰਾਲਾ ਖਰੌੜ ਦੇ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗ ਪਈ। ਇਸ ਕਾਰਨ 2 ਬੱਚਿਆਂ ਨੂੰ ਸੱਟਾਂ ਲੱਗੀਆਂ। ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਜਗਜੀਤ ਸਿੰਘ ਨਾਮੀ ਮਜ਼ਦੂਰ ਲਾਗਲੇ ਪਿੰਡ ਵਿਚ ਮਜ਼ਦੂਰੀ ਕਰਨ ਗਿਆ ਤਾਂ ਭਾਰੀ ਮੀਂਹ ਕਾਰਨ ਉਸ ਦੇ ਘਰ ਦੀ ਛੱਤ ਡਿੱਗ ਪਈ। ਛੱਤ ਹੇਠ ਉਸ ਦੇ 2 ਬੱਚੇ ਵੀ ਸੁੱਤੇ ਪਏ ਸਨ। ਇਸ ਤੋਂ ਬਾਅਦ ਗੁਆਂਢੀਆਂ ਅਤੇ ਹੋਰ ਵਿਅਕਤੀਆਂ ਦੀ ਮਦਦ ਨਾਲ ਉਸ ਦੇ ਬੱਚਿਆਂ ਨੂੰ ਛੱਤ ਹੇਠੋਂ ਕੱਢਿਆ ਗਿਆ ਅਤੇ ਡਾਕਟਰੀ ਸਹਾਇਤਾ ਦਿਵਾਈ। ਜਾਣਕਾਰੀ ਦਿੰਦਿਆਂ ਮਜ਼ਦੂਰ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਕੰਮ 'ਤੇ ਗਿਆ ਹੋਇਆ ਸੀ। ਗੁਆਂਢੀਆਂ ਨੇ ਉਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਘਰ ਦੀ ਛੱਤ ਡਿੱਗ ਪਈ ਹੈ। ਬੱਚੇ ਉਸ ਦੇ ਹੇਠਾਂ ਆ ਗਏ ਹਨ। ਉਸ ਨੇ ਦੱਸਿਆ ਕਿ ਲੜਕੀ ਦੀ ਪਿੱਠ ਅਤੇ ਉਸ ਦੇ ਪੁੱਤਰ ਦੇ ਪੈਰਾਂ ਦੇ ਗਿੱਟੇ ਕੋਲ ਕਾਫੀ ਸੱਟ ਲੱਗੀ ਹੈ। ਛੱਤ ਡਿੱਗਣ ਨਾਲ ਉਸ ਦਾ ਕਾਫੀ ਨੁਕਸਾਨ ਵੀ ਹੋ ਗਿਆ ਹੈ। ਉਸ ਸਰਕਾਰ ਕੋਲੋਂ ਮਦਦ ਮੰਗੀ ਹੈ।