ਰੋਹਿਤ ਕਤਲ ਕੇਸ: ਕਾਤਲ ਤੇ CIA ਸਟਾਫ਼ ਆਹਮੋ-ਸਾਹਮਣੇ, ਦੋਵਾਂ ਵਿਚਾਲੇ ਚੱਲੀਆਂ ਗੋਲ਼ੀਆਂ

Sunday, Nov 19, 2023 - 12:33 PM (IST)

ਜਲੰਧਰ (ਵਰੁਣ)- ਰਾਮਾ ਮੰਡੀ ਦੀ ਬਾਂਸਾਂ ਵਾਲੀ ਗਲੀ ’ਚ ਵਾਪਰੇ ਰੋਹਿਤ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਸਦਰ ਥਾਣਾ ਖੇਤਰ ’ਚ ਗਏ ਸੀ. ਆਈ. ਏ. ਸਟਾਫ਼ ’ਤੇ ਫਾਇਰਿੰਗ ਹੋ ਗਈ । ਸੀ. ਆਈ. ਏ. ਸਟਾਫ਼ ਨੇ ਜਲਦੀ ਹੀ ਆਪਣੀ ਸਥਿਤੀ ਸੰਭਾਲੀ ਅਤੇ ਜਵਾਬੀ ਕਾਰਵਾਈ ਕਰਦੇ ਹੋਏ ਇਕ ਦੋਸ਼ੀ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਦਕਿ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਦੂਜੇ ਦੋਸ਼ੀ ਨੂੰ ਵੀ ਕਾਬੂ ਕਰ ਲਿਆ। ਗਨੀਮਤ ਰਹੀ ਕਿ ਇਸ ਮਾਮਲੇ ’ਚ ਸਾਰੇ ਪੁਲਸ ਮੁਲਾਜ਼ਮ ਸੁਰੱਖਿਅਤ ਰਹੇ।

ਰੋਹਿਤ ਉਰਫ਼ ਆਲੂ ਕਤਲ ਕੇਸ ’ਚ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਹਰਿੰਦਰ ਸਿੰਘ ਇਸ ਮਾਮਲੇ ਦੀ ਜਾਂਚ ’ਚ ਲੱਗੇ ਹੋਏ ਸਨ। ਉਨ੍ਹਾਂ ਨੂੰ ਕੁਝ ਸੂਚਨਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਆਪਣੀ ਟੀਮ ਦੇ ਨਾਲ ਥਾਣਾ ਸਦਰ ਦੇ ਇਲਾਕੇ ’ਚ ਜਾਲ ਵਿਛਾਇਆ। ਪੁਲਸ ਨੂੰ ਸੂਚਨਾ ਸੀ ਕਿ ਮੁੱਖ ਦੋਸ਼ੀ ਰਟਨ ਅਤੇ ਕਾਲੂ ਭਈਆ ਉਥੇ ਇਕ ਘਰ ’ਚ ਲੁਕੇ ਹੋਏ ਹਨ। ਪੁਲਸ ਨੇ ਘਰ ਨੂੰ ਘੇਰ ਲਿਆ ਅਤੇ ਦੋਵਾਂ ਦੋਸ਼ੀਆਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ। ਇਸੇ ਦੌਰਾਨ ਦੋਸ਼ੀਆਂ ਨੇ ਸੀ. ਆਈ. ਏ. ਸਟਾਫ਼ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਸ਼ੀਆਂ ਵੱਲੋਂ 3 ਤੋਂ 4 ਫਾਇਰ ਕੀਤੇ ਗਏ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਰਵੀ ਜਿਊਲਰਜ਼ 'ਚ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ, ਮਾਲਕ ਹੀ ਨਿਕਲਿਆ ਝੂਠੀ ਕਹਾਣੀ ਦਾ ਰਚੇਤਾ

ਇੰਸ. ਹਰਿੰਦਰ ਸਿੰਘ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ਼ ਨੇ ਜਵਾਬੀ ਕਾਰਵਾਈ ਕੀਤੀ। ਇੰਚਾਰਜ ਹਰਿੰਦਰ ਸਿੰਘ ਨੇ ਵੀ ਗੋਲ਼ੀਆਂ ਚਲਾਈਆਂ, ਜਿਸ ’ਚ ਇਕ ਦੋਸ਼ੀ ਗੋਪੀ ਜ਼ਖ਼ਮੀ ਹੋ ਗਿਆ। ਦੂਜੇ ਦੋਸ਼ੀ ਨੇ ਆਪਣੇ ਸਾਥੀ ਨੂੰ ਗੋਲ਼ੀ ਲੱਗੀ ਵੇਖ ਕੇ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਲੱਤ ਟੁੱਟ ਗਈ। ਪੁਲਸ ਨੇ ਉਸ ਨੂੰ ਵੀ ਫੜ ਲਿਆ। ਰੋਹਿਤ ’ਤੇ ਗੋਲੀ ਚਲਾਉਣ ਦੇ ਮਾਮਲੇ 'ਚ ਮੁੱਖ ਦੋਸ਼ੀ ਰਟਨ ਅਤੇ ਕਾਲੂ ਭਈਆ ਪੁਲਸ ਹਿਰਾਸਤ ’ਚ ਹਨ। ਦੋਵਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਲਦੀ ਹੀ ਕਮਿਸ਼ਨਰੇਟ ਪੁਲਸ ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫ਼ਰੰਸ ਕਰੇਗੀ।

ਇਹ ਵੀ ਪੜ੍ਹੋ: ਪੰਜਾਬ ਹੋ ਰਿਹੈ ਖ਼ਾਲੀ, ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗ ਰਹੇ ਹਨ 'ਜਿੰਦਰੇ', ਹੈਰਾਨ ਕਰਨ ਵਾਲੀ ਹੈ ਰਿਪੋਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News