ਬਾਈਕ ਸਵਾਰਾਂ ਨੇ ਹੌਜ਼ਰੀ ਵਪਾਰੀ ਦਾ 9 ਲੱਖ ਕੈਸ਼ ਨਾਲ ਭਰਿਆ ਬੈਗ ਉਡਾਇਆ

04/12/2018 7:10:18 AM

ਲੁਧਿਆਣਾ  (ਰਿਸ਼ੀ) - ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਲਿੰਕ ਰੋਡ 'ਤੇ ਆਰਟਿਕਾ ਕਾਰ ਦੇ ਅੱਗੇ ਸਪ੍ਰੇਅ ਕਰ ਕੇ ਹੌਜ਼ਰੀ ਵਪਾਰੀ ਦਾ 9 ਲੱਖ ਰੁਪਏ ਨਾਲ ਭਰਿਆ ਲੈਪਟਾਪ ਵਾਲਾ ਬੈਗ ਮੋਟਰਸਾਈਕਲ 'ਤੇ ਆਏ ਨੌਸਰਬਾਜ਼ ਲੈ ਗਏ। ਚੋਰੀ ਦੀ ਹਰਕਤ ਕੋਲ ਲੱਗੇ ਕੈਮਰੇ 'ਚ ਕੈਦ ਹੋ ਗਈ। ਪਤਾ ਲੱਗਦੇ ਹੀ ਘਟਨਾ ਸਥਾਨ 'ਤੇ ਪਹੁੰਚੇ ਏ. ਡੀ. ਸੀ. ਪੀ.-1 ਗੁਰਪ੍ਰੀਤ ਸਿੰਘ, ਏ. ਸੀ. ਪੀ. ਮਨਦੀਪ ਸਿੰਘ ਅਤੇ ਥਾਣਾ ਪੁਲਸ ਜਾਂਚ 'ਚ ਜੁਟ ਗਈ।
ਜਾਣਕਾਰੀ ਦਿੰਦੇ ਬਾੜੇਵਾਲ ਦੇ ਰਹਿਣ ਵਾਲੇ ਸ਼ਿਵ ਕੁਮਾਰ (79) ਨੇ ਦੱਸਿਆ ਕਿ ਉਨ੍ਹਾਂ ਦੀ ਫੋਕਲ ਪੁਆਇੰਟ ਫੇਸ-4 'ਚ ਹੌਜ਼ਰੀ ਇਕਾਈ ਹੈ। ਹਰ ਰੋਜ਼ ਦੀ ਤਰ੍ਹਾਂ ਬੁੱਧਵਾਰ ਸਵੇਰੇ ਉਹ ਘਰ ਤੋਂ ਫੈਕਟਰੀ ਜਾਣ ਲਈ ਆਪਣੇ ਡਰਾਈਵਰ ਸਮੇਤ ਘਰੋਂ ਨਿਕਲਿਆ ਸੀ। ਢੋਲੇਵਾਲ ਪੁਲ ਤੋਂ ਚੀਮਾ ਚੌਕ 'ਤੇ ਕਾਫੀ ਜ਼ਿਆਦਾ ਭੀੜ ਹੋਣ ਕਾਰਨ ਉਨ੍ਹਾਂ ਨੂੰ ਗਰਮੀ ਲੱਗਣ ਲੱਗੀ, ਜਦੋਂਕਿ ਉਨ੍ਹਾਂ ਦੀ ਕਾਰ ਚੀਮਾ ਚੌਕ ਤੋਂ ਆਰ. ਕੇ. ਰੋਡ ਵੱਲ ਘੁੰਮੀ ਤਾਂ ਉਸ ਨੇ ਡਰਾਈਵਰ ਕੁਲਵਿੰਦਰ ਸਿੰਘ ਨੂੰ ਕਾਰ ਦਾ ਏ. ਸੀ. ਚਲਾਉਣ ਨੂੰ ਕਿਹਾ। ਏ. ਸੀ. ਚਲਾਉਂਦੇ ਹੀ ਧੂੰਆਂ ਨਿਕਲਣ ਲੱਗ ਪਿਆ ਅਤੇ ਅੱਖਾਂ 'ਚ ਜਲਨ ਹੋਣ ਲੱਗ ਪਈ। ਡਰਾਈਵਰ ਵੱਲੋਂ ਕਾਰ ਰੋਕਦੇ ਹੀ ਇਕ ਨੌਸਰਬਾਜ਼ ਉਨ੍ਹਾਂ ਕੋਲ ਆਇਆ ਅਤੇ ਤੇਲ ਲੀਕ ਹੋਣ ਦੀ ਗੱਲ ਕਹਿਣ ਲੱਗ ਪਿਆ। ਉਸ ਦੀਆਂ ਗੱਲਾਂ ਵਿਚ ਆ ਕੇ ਦੋਵੇਂ ਕਾਰ ਤੋਂ ਬਾਹਰ ਆਏ ਅਤੇ ਬੋਨਟ ਚੁੱਕ ਕੇ ਚੈੱਕ ਕਰਨ ਲੱਗ ਪਏ।
ਇਸ ਦੌਰਾਨ ਨੌਸਰਬਾਜ਼ ਪਿੱਛੇ ਸੀਟ 'ਤੇ ਪਿਆ ਬੈਗ ਲੈ ਕੇ ਭੱਜਿਆ ਅਤੇ ਪਿੱਛੇ ਤੋਂ ਮੋਟਰਸਾਈਕਲ 'ਤੇ ਹੈਲਮੇਟ ਪਾ ਕੇ ਆਇਆ ਉਸ ਦਾ ਸਾਥੀ ਬਿਠਾ ਕੇ ਆਪਣੇ ਨਾਲ ਸ਼ੇਰਪੁਰ ਚੌਕ ਵੱਲ ਲੈ ਗਿਆ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਸਕਦੇ ਦੋਵੇਂ ਨੌਜਵਾਨ ਫਰਾਰ ਹੋ ਗਏ।
ਥਾਣਾ ਇੰਚਾਰਜ ਦਵਿੰਦਰ ਸਿੰਘ ਅਨੁਸਾਰ ਕਾਰ ਮਾਲਕ ਦੇ ਬਿਆਨ ਲੈ ਕੇ ਅਣਪਛਾਤੇ ਖਿਲਾਫ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਨਾਲ ਦੀਆਂ ਦੋ ਫੈਕਟਰੀਆਂ 'ਚ ਉਨ੍ਹਾਂ ਦੀ ਹਰਕਤ ਕੈਦ ਹੋਈ ਹੈ। ਫੁਟੇਜ 'ਚ ਦਿਖਾਈ ਦੇ ਰਹੇ ਦੋਵੇਂ ਨੌਜਵਾਨ ਪ੍ਰਵਾਸੀ ਹਨ ਅਤੇ ਉਮਰ 20 ਤੋਂ 22 ਸਾਲ ਦੇ ਵਿਚਕਾਰ ਹੈ। ਸ਼ਿਵ ਕੁਮਾਰ ਨੇ 25 ਦਿਨ ਪਹਿਲਾਂ ਹੀ ਉਕਤ ਡਰਾਈਵਰ ਨੂੰ ਰੱਖਿਆ ਹੈ। ਪੁਲਸ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਜਲਦ ਕੇਸ ਹੱਲ ਕਰ ਲਿਆ ਜਾਵੇਗਾ।
ਸ਼ੇਰਪੁਰ ਚੌਕ ਦੇ ਨੇੜੇ ਤੋਂ ਲੈਪਟਾਪ ਬੈਗ ਤੋਂ ਮਿਲੇ 2 ਲੱਖ
ਸੂਤਰਾਂ ਅਨੁਸਾਰ ਜਾਂਚ ਦੌਰਾਨ ਕੁੱਝ ਸਮੇਂ ਬਾਅਦ ਹੀ ਪੁਲਸ ਨੂੰ ਚੋਰੀਸ਼ੁਦਾ ਬੈਗ ਸ਼ੇਰਪੁਰ ਚੌਕ ਦੇ ਕੋਲੋਂ ਬਰਾਮਦ ਹੋ ਗਿਆ। ਬੈਗ ਵਿਚ ਲੈਪਟਾਪ ਅਤੇ ਲਗਭਗ 2 ਲੱਖ ਕੈਸ਼ ਬਰਾਮਦ ਹੋ ਗਏ ਹਨ ਪਰ ਪੁਲਸ ਇਸ ਗੱਲ ਦੀ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕਰ ਰਹੀ।


Related News