ਰਸਤਾ ਪੁੱਛਣ ਲਈ ਰੁਕਵਾਈ ਕਾਰ, ਪਰਸ ਤੇ ਸਮਾਨ ਖੋਹ ਕੇ ਹੋਏ ਫਰਾਰ

2/9/2018 5:15:18 PM


ਫਿਰੋਜ਼ਪੁਰ (ਮਲਹੋਤਰਾ, ਕੁਮਾਰ) - ਅਣਪਛਾਤੇ ਲੁਟੇਰਾ ਗਿਰੋਹ ਸ਼ਹਿਰ ਵਿਚ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕੁਝ ਦਿਨ ਪਹਿਲਾਂ ਰੇਲਵੇ ਸਟੇਸ਼ਨ ਤੋਂ ਵਾਪਸ ਆ ਰਹੇ ਇਕ ਵਿਅਕਤੀ ਤੋਂ ਪਿਸਤੌਲ ਦੀ ਨੌਕ 'ਤੇ ਐਕਟਿਵਾ ਖੋਹ ਲਈ ਸੀ, ਜਿਸ ਦੇ ਦੋਸ਼ੀਆਂ ਦਾ ਹੱਲੇ ਤੱਕ ਪੁਲਸ ਪਤਾ ਨਹੀਂ ਲਗਾ ਸਕੀ। ਹੁਣ ਇਕ ਹੋਰ ਘਟਨਾ ਫਿਰੋਜ਼ਪੁਰ ਦੀ ਹੈ। 5 ਫਰਵਰੀ ਦੀ ਰਾਤ ਨੂੰ ਕੁਝ ਅਣਪਛਾਤੇ ਲੜਕਿਆਂ ਨੇ ਰਸਤਾ ਪੁੱਛਣ ਲਈ ਇਕ ਕਾਰ ਨੂੰ ਰੋਕ ਲਿਆ। ਲੁਟੇਰਿਆਂ ਨੇ ਬੜੀ ਚਲਾਕੀ ਨਾਲ ਪਰਸ ਬਾਹਰ ਖਿੱਚ ਕੇ ਉਸ ਤੋਂ ਪਰਸ, ਮੋਬਾਇਲ ਫੋਨ ਤੇ ਹੋਰ ਸਮਾਨ ਖੋਹ ਕੇ ਲੈ ਗਏ। ਥਾਣਾ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਭੁਪਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰ ਨੇ ਦੱਸਿਆ ਕਿ ਉਹ ਛਾਉਣੀ ਤੋਂ ਕਾਰ ਤੇ ਆਪਣੇ ਘਰ ਵਾਪਸ ਆ ਰਿਹਾ ਸੀ। ਗੋਬਿੰਦ ਨਗਰੀ ਮੋੜ 'ਤੇ ਚਾਰ ਅਣਪਛਾਤੇ ਮੁੰਡਿਆਂ ਨੇ ਉਸ ਨੂੰ ਰੋਕ ਕੇ ਰੇਲਵੇ ਫਾਟਕ ਦਾ ਰਾਹ ਪੁੱਛਿਆ। ਉਸ ਨੇ ਜਦ ਕਾਰ ਦਾ ਸ਼ੀਸ਼ਾ ਖੋਲ੍ਹਿਆ ਤਾਂ ਚਾਰਾਂ ਨੇ ਉਸ ਨੂੰ ਫੜ ਕੇ ਬਾਹਰ ਖਿੱਚ ਕੇ ਉਸਦਾ ਪਰਸ, ਮੋਬਾਇਲ ਫੋਨ ਤੇ ਹੈਡਫੋਨ ਖੋਹ ਕੇ ਭੱਜ ਗਏ। ਇਸ ਮੌਕੇ ਏ. ਐਸ. ਆਈ. ਅਸ਼ਵਨੀ ਕੁਮਾਰ ਨੇ ਕਿਹਾ ਕਿ ਲੁਟੇਰਿਆਂ ਦੇ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਉਨਾਂ ਦੀ ਭਾਲ ਕੀਤੀ ਜਾ ਰਹੀ ਹੈ।