ਚੋਰ, ਲੁਟੇਰਿਆਂ ਤੇ ਸ਼ੱਕੀ ਲੋਕਾਂ ਨੂੰ ਫੜਨ ਲਈ ਕਮਿਸ਼ਨਰੇਟ ਪੁਲਸ ਹੋਈ ਸਖਤ

06/11/2018 12:34:59 PM

ਜਲੰਧਰ (ਸੁਧੀਰ)— ਸ਼ਹਿਰ 'ਚ ਵੱਧ ਰਹੇ ਅਪਰਾਧ ਅਤੇ ਚੋਰ, ਲੁਟੇਰਿਆਂ ਅਤੇ ਸ਼ੱਕੀ ਲੋਕਾਂ 'ਤੇ ਨਕੇਲ ਕੱਸਣ ਲਈ ਕਮਿਸ਼ਰੇਟ ਪੁਲਸ ਦੇ ਡੀ. ਸੀ. ਪੀ. ਰਾਜਿੰਦਰ ਸਿੰਘ ਨੇ ਸ਼ਹਿਰ ਦੇ ਮੋਬਾਇਲ ਵਿਕ੍ਰੇਤਾਵਾਂ ਅਤੇ ਪਾਰਕਿੰਗ ਸਥਾਨਾਂ ਲਈ ਨਿਰਦੇਸ਼ ਜਾਰੀ ਕੀਤੇ ਹਨ। 
ਡੀ. ਸੀ. ਪੀ. ਰਾਜਿੰਦਰ ਸਿੰਘ ਨੇ ਮੋਬਾਇਲ ਵਿਕ੍ਰੇਤਾਵਾਂ ਨੂੰ ਮੋਬਾਇਲ ਅਤੇ ਸਿਮ ਕਾਰਡ ਖਰੀਦਣ ਅਤੇ ਵੇਚਣ ਸਮੇਂ ਗਾਹਕਾਂ ਦਾ ਪਛਾਣ-ਪੱਤਰ ਅਤੇ ਉਸ ਦੀ ਫੋਟੋ ਲੈਣ ਦੇ ਨਿਰਦੇਸ਼ ਦਿੱਤੇ। ਅਜਿਹਾ ਨਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਪੁਲਸ ਮਾਮਲਾ ਦਰਜ ਕਰੇਗੀ। ਡੀ. ਸੀ. ਪੀ. ਨੇ ਦੱਸਿਆ ਕਿ ਚੋਰ ਆਮ ਤੌਰ 'ਤੇ ਚੋਰੀ ਦੇ ਮੋਬਾਇਲ ਸਸਤੇ ਮੁੱਲ 'ਤੇ ਕੁਝ ਦੁਕਾਨਦਾਰਾਂ ਨੂੰ ਵੇਚ ਜਾਂਦੇ ਹਨ। ਬਾਅਦ 'ਚ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਦੇ ਪਾਰਕਿੰਗ ਸਥਾਨਾਂ ਦੇ ਮਾਲਕਾਂ ਨੂੰ ਵੀ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੇ ਨਿਰਦੇਸ਼ ਦਿੱਤੇ। ਡੀ. ਸੀ. ਪੀ. ਰਾਜਿੰਦਰ ਸਿੰਘ ਨੇ ਸਪੱਸ਼ਟ ਕਿਹਾ ਕਿ ਪਾਰਕਿੰਗ ਸਥਾਨਾਂ 'ਚ ਕੈਮਰੇ ਇਸ ਤਰ੍ਹਾਂ ਲੱਗੇ ਹੋਣੇ ਚਾਹੀਦੇ ਹਨ, ਜਿਨ੍ਹਾਂ 'ਚ ਪਾਰਕਿੰਗ ਸਥਾਨ ਦੇ ਅੰਦਰ ਬਾਹਰ ਆਉਂਦੇ ਵਾਹਨਾਂ ਦੀ ਨੰਬਰ ਪਲੇਟ ਅਤੇ ਵਾਹਨ ਚਾਲਕ ਦੀ ਤਸਵੀਰ ਕੈਦ ਹੋਵੇ। ਇਸ ਦੇ ਨਾਲ ਹੀ ਕੈਮਰਿਆਂ 'ਚ 45 ਦਿਨ ਦੀ ਰਿਕਾਰਡਿੰਗ ਹੋਣੀ ਚਾਹੀਦੀ ਹੈ ਅਤੇ 45 ਦਿਨ ਦੀ ਰਿਕਾਰਡਿੰਗ ਹੋਣ ਤੋਂ ਬਾਅਦ ਪਾਰਕਿੰਗ ਸਥਾਨ ਦਾ ਮਾਲਕ ਉਸ ਦੀ ਸੀ. ਡੀ. ਬਣਾ ਕੇ 15 ਦਿਨਾਂ ਅੰਦਰ ਕਮਿਸ਼ਨਰੇਟ ਪੁਲਸ ਦਫਤਰ 'ਚ ਸਕਿਓਰਿਟੀ ਬ੍ਰਾਂਚ 'ਚ ਜਮ੍ਹਾ ਕਰਵਾਏਗਾ। ਜੇ ਵਾਹਨ ਚਾਲਕ ਪਾਰਕਿੰਗ ਸਥਾਨ 'ਤੇ ਇਕ ਦਿਨ ਲਈ ਵਾਹਨ ਖੜ੍ਹਾ ਕਰਨਾ ਚਾਹੁੰਦਾ ਹੈ ਤਾਂ ਪਾਰਕਿੰਗ ਸਥਾਨ ਦੇ ਮਾਲਕ ਨੂੰ ਵਾਹਨ ਚਾਲਕ ਦੇ ਰਜਿਸਟਰ 'ਤੇ ਹਸਤਾਖਰ ਕਰਵਾਉਣੇ ਹੋਣਗੇ ਤੇ ਪਛਾਣ ਪੱਤਰ ਲੈਣਾ ਜ਼ਰੂਰੀ ਹੋਵੇਗਾ। ਇਕ ਦਿਨ ਤੋਂ ਜ਼ਿਆਦਾ ਦਿਨ ਵਾਹਨ ਖੜ੍ਹਾ ਕਰਨ ਵਾਲੇ ਚਾਲਕਾਂ ਦੀ ਰਜਿਸਟ੍ਰੇਸ਼ਨ ਦੀ ਕਾਪੀ ਤੇ ਹੋਰ ਦਸਤਾਵੇਜ਼ ਵੀ ਵੈਰੀਫਾਈ ਕਰਨੇ ਹੋਣਗੇ।
ਡੀ. ਸੀ. ਪੀ. ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ ਪਾਰਕਿੰਗ ਸਥਾਨ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕਮਿਸ਼ਨਰੇਟ ਪੁਲਸ ਦੇ ਦਫਤਰ ਤੋਂ ਵੈਰੀਫਿਕੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਚੋਰ, ਲੁਟੇਰੇ ਚੋਰੀ ਅਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਾਰਕਿੰਗ ਸਥਾਨ 'ਤੇ ਵਾਹਨ ਖੜ੍ਹੇ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਹਨ ਜਾਂ ਫਿਰ ਚੋਰੀ ਦੇ ਵਾਹਨਾਂ 'ਤੇ ਜਾਅਲੀ ਨੰਬਰ ਪਲੇਟ ਲਾ ਕੇ ਪਾਰਕਿੰਗ ਸਥਾਨਾਂ 'ਚ ਵਾਹਨ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਕਮਿਸ਼ਨਰੇਟ ਪੁਲਸ ਨੇ ਪਾਰਕਿੰਗ ਸਥਾਨ ਦੇ ਮਾਲਕਾਂ ਨੂੰ ਵੀ ਸਖਤ ਨਿਰਦੇਸ਼ ਜਾਰੀ ਕਰ ਦਿੱਤੇ। 
ਇਸ ਤੋਂ ਇਲਾਵਾ ਲੰਮਾ ਪਿੰਡ ਤੋਂ ਚੌਗਿਟੀ ਬਾਈਪਾਸ ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਸੁੱਚੀ ਪਿੰਡ ਕੋਲ ਹੈਵੀ ਵ੍ਹੀਕਲਜ਼ ਸਰਵਿਸ ਲਾਈਨ ਤੇ ਹੋਰ ਥਾਵਾਂ 'ਤੇ ਪਾਰਕ ਨਹੀਂ ਹੋਣਗੇ। ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News