ਐਕਟਿਵਾ ਸਵਾਰ ਅੌਰਤ ਬਣੀ ਸਨੈਚਿੰਗ ਦਾ ਸ਼ਿਕਾਰ

Tuesday, Aug 21, 2018 - 02:15 AM (IST)

ਐਕਟਿਵਾ ਸਵਾਰ ਅੌਰਤ ਬਣੀ ਸਨੈਚਿੰਗ ਦਾ ਸ਼ਿਕਾਰ

ਹੁਸ਼ਿਆਰਪੁਰ, (ਅਮਰਿੰਦਰ)-ਹਰਿਆਣਾ ਥਾਣੇ ਅਧੀਨ ਆਉਂਦੇ ਪਿੰਡ ਮੁਰਾਦਪੁਰ ਦੇ ਕੋਲ ਅੱਜ ਸਵੇਰੇ ਕਰੀਬ 10 ਵਜੇ ਇਕ ਐਕਟਿਵਾ ’ਤੇ ਸਵਾਰ ਹੋ ਕੇ  ਹੁਸ਼ਿਆਰਪੁਰ ਦੇ ਬੂਲਾਂਵਾਡ਼ੀ ਦੀ ਅੌਰਤ ਕੁਲਦੀਪ ਕੌਰ ਪਤਨੀ ਰਵਿੰਦਰ ਸਿੰਘ ਦੇ ਇਕ ਕੰਨ ’ਚੋਂ ਸੋਨੇ ਦੀ ਵਾਲੀ ਝੱਪਟ ਕੇ ਸਨੈਚਰ ਮੌਕੇ ਤੋਂ ਫਰਾਰ ਹੋ ਗਿਆ। ਰਸਤਾ ਸੁੰਨਸਾਨ ਹੋਣ ਦੇ ਬਾਵਜੂਦ  ਸਨੈਚਿੰਗ ਦਾ ਸ਼ਿਕਾਰ ਕੁਲਦੀਪ ਕੌਰ ਨੇ ਬਿਨਾਂ ਨੰਬਰ ਪਲੇਟ ਵਾਲੇ ਪਲੈਟੀਨਾ ਮੋਟਰਸਾਈਕਲ ਦਾ ਕਰੀਬ ਇਕ ਕਿਲੋਮੀਟਰ ਤੱਕ ਪਿੱਛਾ ਵੀ ਕੀਤਾ, ਪ੍ਰੰਤੂ ਅੱਗੇ ਚੋਅ ’ਚ ਸਡ਼ਕ ਖਰਾਬ ਹੋਣ ਕਾਰਨ ਉਕਤ ਲੁਟੇਰਾ ਮੌਕੇ ਦਾ ਫਾਇਦਾ ਲੈ ਕੇ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਮੌਕੇ ’ਤੇ ਪਹੁੰਚੇ ਲੋਕਾਂ ਨੇ ਥਾਣਾ ਹਰਿਆਣਾ ਦੀ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਸੁਖਦੇਵ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀਡ਼ਤਾ ਕੁਲਦੀਪ ਕੌਰ ਨੇ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਮਾਂ ਦਰਸ਼ਨ ਕੌਰ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਭੀਖੋਵਾਲ ਤੋਂ ਮੁਰਾਦਪੁਰ ਪਿੰਡ ਵੱਲ ਜਾ ਰਹੀਆਂ ਸਨ। ਰਸਤਾ ਖਰਾਬ ਹੋਣ ਕਰਕੇ ਉਸਨੇ ਜਿਉਂ ਹੀ ਐਕਟਿਵਾ ਰੋਕੀ ਤਾਂ ਪਿੱਛੋਂ ਤੇਜ਼ ਰਫ਼ਤਾਰ ਆਏ ਮੋਟਰਸਾਈਕਲ ਸਵਾਰ ਸਨੈਚਰ ਨੇ ਅਚਾਨਕ ਉਸਦੇ ਕੰਨ ਵਿਚੋਂ ਵਾਲੀ ਝੱਪਟ ਲਈ ਅਤੇ ਦੂਜੇ ਕੰਨ ਵੱਲ ਹੱਥ ਵਧਾਉਣ ਹੀ ਲੱਗਾ ਸੀ ਕਿ ਕੁਲਦੀਪ ਕੌਰ ਨੇ ਉਸਦਾ ਹੱਥ ਫਡ਼ ਲਿਆ, ਜਿਸ ਦੌਰਾਨ ਉਹ ਮੌਕੇ ਤੋਂ ਫਰਾਰ ਹੋ ਗਿਆ।


Related News