ਚੁਨਮੁਨ ਚੌਕ ’ਚ ਔਰਤ ਨਾਲ ਲੁੱਟ-ਖੋਹ, ਸੀ. ਪੀ. ਨੇ ਲੁਟੇਰਿਅਾਂ ਪਿੱਛੇ ਲਾਏ ਆਪਣੇ ਗੰਨਮੈਨ, ਕਾਬੂ

07/16/2018 6:55:05 AM

ਜਲੰਧਰ, (ਵਰੁਣ)- ਚੁਨਮੁਨ ਚੌਕ ’ਚ ਐਤਵਾਰ ਸਵੇਰੇ ਮੋਟਰਸਾਈਕਲ ਸਵਾਰ ਸਨੈਚਰਾਂ ਨੇ ਔਰਤ ਦੀਆਂ ਵਾਲੀਆਂ ਝਪਟ ਲਈਆਂ। ਇਸ ਦੌਰਾਨ ਉਥੋਂ ਕਿਸੇ ਕੰਮ ਲਈ ਨਿਕਲੇ ਸੀ. ਪੀ. ਪ੍ਰਵੀਨ ਸਿਨ੍ਹਾ ਨੇ ਗੱਡੀ ਪਿੱਛੇ ਮੋਟਰਸਾਈਕਲ ’ਤੇ ਆ ਰਹੇ ਆਪਣੇ ਗੰਨਮੈਨਾਂ ਨੂੰ ਲੁਟੇਰਿਆਂ ਦੇ ਪਿੱਛੇ ਲਗਾ ਦਿੱਤਾ, ਜਿਨ੍ਹਾਂ ਨੇ ਮਾਡਰਨ ਕਾਲੋਨੀ ਦੀ ਬੰਦ ਗਲੀ ਵਿਚ ਦੋ ਸਨੈਚਰਾਂ ਨੂੰ ਫੜ ਲਿਆ। ਸੂਚਨਾ ਥਾਣਾ ਨੰਬਰ 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਸਨੈਚਰਾਂ ਨੂੰ ਹਿਰਾਸਤ ਵਿਚ ਲੈ ਲਿਆ।
ਸਵੇਰੇ ਕਰੀਬ 9.30 ਵਜੇ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਆਪਣੀ ਗੱਡੀ ਵਿਚ ਚੁਨਮੁਨ ਚੌਕ ਤੋਂ ਨਿਕਲ ਰਹੇ ਸਨ, ਜਦਕਿ ਉਨ੍ਹਾਂ ਦੇ ਗੰਨਮੈਨ ਹੈੱਡ ਕਾਂਸਟੇਬਲ ਪੁਰਸ਼ੋਤਮ ਤੇ ਕੁਲਦੀਪ ਸਿੰਘ ਮੋਟਰਸਾਈਕਲ ’ਤੇ ਗੱਡੀ ਦੇ ਪਿੱਛੇ ਆ ਰਹੇ ਸਨ। ਜਿਵੇਂ ਹੀ ਸੀ. ਪੀ. ਦੀ ਗੱਡੀ ਚੁਨਮੁਨ ਚੌਕ ਕੋਲ ਪਹੁੰਚੀ ਤਾਂ ਉਨ੍ਹਾਂ ਸਾਹਮਣੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਔਰਤ ਦੀਆਂ ਵਾਲੀਆਂ ਝਪਟ ਲਈਆਂ ਤੇ ਭੱਜ ਗਏ। ਜਿਵੇਂ ਹੀ ਸੀ. ਪੀ. ਦਾ ਧਿਆਨ ਪਿਆ ਤਾਂ ਉਨ੍ਹਾਂ ਨੇ ਤੁਰੰਤ ਗੱਡੀ ਰੁਕਵਾ ਕੇ ਪਿੱਛੇ ਆ ਰਹੇ ਆਪਣੇ ਗੰਨਮੈਨਾਂ ਨੂੰ ਲੁਟੇਰਿਆਂ ਨੂੰ ਫੜਨ ਲਈ ਕਿਹਾ।
ਮੋਟਰਸਾਈਕਲ ਸਵਾਰ ਸੀ. ਪੀ. ਦੇ ਗੰਨਮੈਨਾਂ ਨੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਅੱਗੇ ਪੁਲ ਦੇਖ ਕੇ ਲੁਟੇਰਿਆਂ ਨੇ ਮੋਟਰਸਾਈਕਲ ਗਲੀਆਂ ਵਿਚ ਵਾੜ ਦਿੱਤਾ। ਉਹ ਮਾਡਰਨ ਕਾਲੋਨੀ ਦੀ ਬੰਦ ਗਲੀ ਵਿਚ ਵੜ ਗਏ, ਜਿਸ ਤੋਂ ਬਾਅਦ ਸੀ. ਪੀ. ਦੇ ਦੋਵੇਂ ਗੰਨਮੈਨਾਂ ਨੇ ਲੁਟੇਰਿਆਂ ਨੂੰ ਫੜ ਕੇ ਉਨ੍ਹਾਂ ਕੋਲੋਂ ਵਾਲੀਆਂ ਬਰਾਮਦ ਕਰ ਲਈਆਂ।
 ਸੀ. ਪੀ. ਦੇ ਗੰਨਮੈਨਾਂ ਵੱਲੋਂ ਫੜੇ ਸਨੈਚਰਾਂ ਦੀ ਸੂਚਨਾ ਮਿਲਦਿਅਾਂ ਹੀ ਥਾਣਾ ਨੰਬਰ 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੂੰ ਮਿਲੀ ਤਾਂ ਉਹ ਮੌਕੇ ’ਤੇ ਪਹੁੰਚ ਗਏ। ਦੋਵੇਂ ਸਨੈਚਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਥੇ ਘਬਰਾਈ ਹੋਈ ਔਰਤ ਪੁਸ਼ਪਾ ਵਾਸੀ ਕਬੀਰ ਨਗਰ ਨੂੰ ਸੀ. ਪੀ. ਨੇ ਹੌਸਲਾ ਦਿੱਤਾ।
ਪੁਸ਼ਪਾ ਨੇ ਦੱਸਿਆ ਕਿ ਉਹ ਨਿਊ ਜਵਾਹਰ ਨਗਰ ’ਚ ਕਿਸੇ ਦੇ ਘਰ ਕੰਮ ਕਰਨ ਜਾ ਰਹੀ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਰਿੰਦਰ ਉਰਫ ਸੁੰਦਰ ਪੁੱਤਰ ਪੂਰਨ ਲਾਲ ਅਤੇ ਵਿਜੇ ਪੁੱਤਰ ਤਰਸੇਮ ਲਾਲ ਦੋਵੇਂ ਵਾਸੀ ਲੱਧੇਵਾਲੀ ਵਜੋਂ ਹੋਈ ਹੈ। ਸੁੰਦਰ ਆਟੋ ਚਲਾਉਂਦਾ ਹੈ, ਜਦਕਿ ਵਿਜੇ ਨਗਰ ਨਿਗਮ ਵਿਚ ਸਫਾਈ ਕਰਮਚਾਰੀ ਹੈ। ਸੁੰਦਰ ਖਿਲਾਫ ਪਹਿਲਾਂ ਵੀ ਸਨੈਚਿੰਗ ਦੇ 3 ਕੇਸ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨਸ਼ੇ ਦੀ ਆਦੀ ਹਨ।


Related News