ਮੋਟਰਸਾਈਕਲ ਨੂੰ ਅੱਗ ਲਗਾਉਣ ਤੇ ਲੁੱਟ-ਖੋਹ ਕਰਨ ਵਾਲੇ 5 ਕਾਬੂ
Tuesday, Jun 12, 2018 - 04:53 AM (IST)

ਫਗਵਾੜਾ, (ਹਰਜੋਤ, ਜਲੋਟਾ)- ਇਥੋਂ ਦੀ ਸਿਟੀ ਪੁਲਸ ਨੇ 27 ਮਾਰਚ ਨੂੰ ਭੁੱਲਾਰਾਈ ਸੜਕ 'ਤੇ ਕੰਮ ਤੋਂ ਘਰ ਜਾ ਰਹੇ ਇਕ ਵਿਅਕਤੀ ਦਾ ਮੋਟਰਸਾਈਕਲ ਖੋਹ ਕੇ ਉਸ ਨੂੰ ਸਾੜਨ ਤੇ ਇਕ ਹੋਰ ਵਿਅਕਤੀ ਦਾ ਬੁਲੇਟ ਮੋਟਰਸਾਈਕਲ ਤੇ ਉਸ ਦੀ ਚੈਨੀ ਖੋਹ ਕੇ ਲਿਜਾਣ ਦੇ ਦੋਸ਼ 'ਚ 5 ਵਿਅਕਤੀਆਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ।
ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ 'ਚ ਮਾਰਸ਼ਲ ਕੰਡਾ ਪੁੱਤਰ ਸਵ. ਸੰਜੀਵ ਕੁਮਾਰ ਵਾਸੀ ਬਾਬਾ ਗਧੀਆ, ਲਵਲੀਨ ਸਿੰਘ ਉਰਫ਼ ਲੰਬਾ ਪੁੱਤਰ ਬਲਵੰਤ ਸਿੰਘ ਵਾਸੀ ਗਲੀ ਨੰ. 6 ਬਾਬਾ ਫਤਿਹ ਸਿੰਘ ਨਗਰ, ਹਰਦੀਪ ਸਿੰਘ ਗੋਗੀ ਪੁੱਤਰ ਸੰਤੋਖ ਸਿੰਘ ਵਾਸੀ ਹਰਕ੍ਰਿਸ਼ਨ ਨਗਰ, ਦੀਪਕ ਕੁਮਾਰ ਉਰਫ਼ ਦੀਪ ਪੁੱਤਰ ਮੱਖਣ ਲਾਲ ਵਾਸੀ ਚਾਚੋਕੀ, ਮਨਪ੍ਰੀਤ ਸਿੰਘ ਉਰਫ਼ ਸਚਿਨ ਪੁੱਤਰ ਬਲਬੀਰ ਸਿੰਘ ਵਾਸੀ ਚੂਹੇਕੀ ਹਾਲ ਵਾਸੀ ਪ੍ਰੋਫੈਸਰ ਕਾਲੋਨੀ ਫਗਵਾੜਾ ਸ਼ਾਮਿਲ ਹਨ। ਇਨ੍ਹਾਂ ਵਿਅਕਤੀਆਂ ਨੇ ਹਰਮਨ ਪੁੱਤਰ ਸੁੱਚਾ ਰਾਮ ਵਾਸੀ ਪਿੰਡ ਭੁੱਲਾਰਾਈ ਦੇ ਮੋਟਰਸਾਈਕਲ ਨੂੰ ਅੱਗ ਲੱਗਾ ਕੇ ਉਸ ਦੀ ਕੁੱਟਮਾਰ ਕੀਤੀ ਸੀ। ਇਸ ਸਬੰਧ 'ਚ ਪੁਲਸ ਨੇ ਕੇਸ ਦਰਜ ਕੀਤਾ ਹੈ ਤੇ ਇਹ ਦੋਸ਼ੀ ਫ਼ਰਾਰ ਸਨ। ਇਸੇ ਤਰ੍ਹਾਂ ਇਨ੍ਹਾਂ ਦੋਸ਼ੀਆਂ ਨੇ ਉਸੇ ਦਿਨ ਹੀ ਚਰਨਪ੍ਰੀਤ ਸਿੰਘ ਵਾਲੀਆ ਪੁੱਤਰ ਬਲਵਿੰਦਰ ਸਿੰਘ ਵਾਲੀਆ ਵਾਸੀ ਨੇੜੇ ਗੁਗਾ ਮੜੀ ਖਲਵਾੜਾ ਗੇਟ ਫਗਵਾੜਾ ਜੋ ਚੰਡੀਗੜ੍ਹ ਬਾਈਪਾਸ ਤੋਂ ਖਲਵਾੜਾ ਗੇਟ ਨੂੰ ਆਪਣੇ ਮੋਟਰਸਾਈਕਲ ਬੁਲਟ 'ਤੇ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਉਕਤ ਮੁਲਜ਼ਮਾਂ ਨੇ ਧੱਕੇ ਨਾਲ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਉਸ ਦੀ ਕੁੱਟਮਾਰ ਕੀਤੀ। ਉਸ ਦੇ ਗਲੇ 'ਚ ਪਾਈ ਚੈਨੀ ਤੇ ਮੋਟਰਸਾਈਕਲ ਖੋਹ ਲਿਆ। ਪੁਲਸ ਨੇ ਇਹ ਬੁਲਟ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਸ ਅਨੁਸਾਰ ਦੋਸ਼ੀ ਮਾਰਸ਼ਲ ਕੰਡਾ ਨੇ ਦੱਸਿਆ ਕਿ 8 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਆਪਣੇ ਇਕ ਹੋਰ ਸਾਥੀ ਅਤੇ ਸਚਿਨ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਚੱਕਮਾਈ ਦਾਸ ਥਾਣਾ ਬਹਿਰਾਮ ਨਾਲ ਮਿਲ ਕੇ ਦਲਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜੱਸੋਮਜਾਰਾ ਦੇ ਗੋਲੀਆਂ ਮਾਰੀਆਂ ਸਨ, ਜਿਸ ਸਬੰਧੀ ਧਾਰਾ 307 ਅਧੀਨ ਕੇਸ ਦਰਜ ਹਨ।