ਵੱਡੀ ਵਾਰਦਾਤ : ਸਕਿਓਰਿਟੀ ਗਾਰਡ ਨੂੰ ਬੰਦਕ ਬਣਾ ਕੇ ਲੱਖਾਂ ਦਾ ਸਰੀਆ ਲੈ ਗਏ ਲੁਟੇਰੇ

Thursday, Jan 12, 2023 - 12:43 AM (IST)

ਵੱਡੀ ਵਾਰਦਾਤ : ਸਕਿਓਰਿਟੀ ਗਾਰਡ ਨੂੰ ਬੰਦਕ ਬਣਾ ਕੇ ਲੱਖਾਂ ਦਾ ਸਰੀਆ ਲੈ ਗਏ ਲੁਟੇਰੇ

ਜਲੰਧਰ (ਮਹੇਸ਼) : ਹੁਸ਼ਿਆਰਪੁਰ ਰੋਡ ’ਤੇ ਪਿੰਡ ਹਜ਼ਾਰਾ ਦੇ ਪੈਟਰੋਲ ਪੰਪ ਦੇ ਨੇੜੇ ਗੋਇੰਦੀ ਇਸਪਾਤ ਦੇ ਗੋਦਾਮ ਤੋਂ 90 ਕੁਇੰਟਲ ਸਰੀਆ ਟਰੱਕ ਵਿੱਚ ਲੱਦ ਕੇ ਲੁਟੇਰੇ ਫ਼ਰਾਰ ਹੋ ਗਏ। ਲੁਟੇਰਿਆਂ ਦੀ ਗਿਣਤੀ 10 ਦੇ ਕਰੀਬ ਦੱਸੀ ਗਈ ਹੈ। ਉਨ੍ਹਾਂ ਨੇ ਗੋਦਾਮ ਦੇ ਸਕਿਓਰਿਟੀ ਗਾਰਡ ਨੂੰ ਬੰਦਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ 11.30 ਵਜੇ ਗੋਦਾਮ ਵਿਚ ਆਏ ਅਤੇ 2 ਘੰਟਿਆਂ 1.30 ਵਜੇ ਤੱਕ ਸਾਢੇ 7 ਲੱਖ ਰੁਪਏ ਦੀ ਕੀਮਤ ਦਾ ਸਰੀਆ ਆਪਣੇ ਟਰੱਕ ਵਿਚ ਲੱਦ ਕੇ ਲੈ ਗਏ।

ਇਹ ਵੀ ਪੜ੍ਹੋ : AAP ਸਾਂਸਦ ਸੰਜੇ ਸਿੰਘ ਸਮੇਤ 6 ਲੋਕਾਂ ਨੂੰ 3 ਮਹੀਨੇ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਪਤਾਰਾ ਦੀ ਇੰਚਾਰਜ ਇੰਸ. ਅਰਸ਼ਪ੍ਰੀਤ ਕੌਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਗੋਇੰਦੀ ਇਸਪਾਤ ਦੇ ਮਾਲਕ ਹਰਪਾਲ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਮੁਹੱਲਾ ਨੰਬਰ 28, ਜਲੰਧਰ ਕੈਂਟ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 1.30 ਵਜੇ ਸਕਿਓਰਿਟੀ ਗਾਰਡ ਸ਼ੰਭੂ ਦੇ ਬੇਟੇ ਦੀਪਕ ਕੁਮਾਰ, ਜੋ ਉਨ੍ਹਾਂ ਦੇ ਕੋਲ ਹੀ ਕੰਮ ਕਰਦਾ ਹੈ, ਦਾ ਫੋਨ ਆਇਆ ਕਿ ਗੋਦਾਮ ਵਿਚ ਪਿਆ ਸਰੀਆ ਲੁਟੇਰੇ ਟਰੱਕ ਵਿਚ ਲੱਦ ਕੇ ਹੁਸ਼ਿਆਰਪੁਰ ਵੱਲ ਚਲੇ ਗਏ ਹਨ। ਹਰਪਾਲ ਸਿੰਘ ਨੇ ਦੱਸਿਆ ਕਿ ਉਹ ਸੂਚਨ ਮਿਲਣ ਤੋਂ 15 ਮਿੰਟ ਬਾਅਦ 1.45 ਵਜੇ ਗੋਦਾਮ ਵਿੱਚ ਪਹੁੰਚ ਗਏ। ਉਨ੍ਹਾਂ ਨੂੰ ਸਕਿਓਰਿਟੀ ਗਾਰਡ ਸ਼ੰਭੂ ਨੇ ਦੱਸਿਆ ਕਿ ਉਹ ਗੋਦਾਮ ਦੇ ਅੰਦਰ ਸੀ ਅਤੇ ਬਾਹਰੀ ਗੇਟ ਨੂੰ ਅੰਦਰੋਂ ਤਾਲਾ ਲਗਾਇਆ ਹੋਇਆ ਸੀ।

ਇਹ ਵੀ ਪੜ੍ਹੋ : ਪਿਆਰ ਫੈਲਾਉਣ ਵਾਲੀ ਨਹੀਂ, ਨਫ਼ਰਤ ਤੇ ਵਿਵਾਦ ਫੈਲਾਉਣ ਵਾਲੀ ਹੈ ਰਾਹੁਲ ਗਾਂਧੀ ਦੀ ਯਾਤਰਾ : ਤਰੁਣ ਚੁੱਘ

11.30 ਵਜੇ ਇਕ ਟਰੱਕ ਗੋਦਾਮ ਦੇ ਬਾਹਰ ਆਇਆ ਅਤੇ ਉਸ ਵਿਚੋਂ ਨਿਕਲ ਕੇ ਇਕ ਵਿਅਕਤੀ ਗੋਦਾਮ ਦੀ ਕੰਧ ਟੱਪ ਕੇ ਅੰਦਰ ਆ ਗਿਆ। ਉਸਨੇ ਉਸਨੂੰ ਧਮਕਾਉਂਦੇ ਹੋਏ ਜਬਰਨ ਗੇਟ ਦਾ ਤਾਲਾ ਖੁੱਲ੍ਹਵਾਇਆ, ਜਿਸ ਤੋਂ ਬਾਅਦ ਉਹ ਟਰੱਕ ਗੋਦਾਮ ਦੇ ਅੰਦਰ ਲੈ ਆਏ। ਟਰੱਕ ਵਿਚ 10 ਲੋਕ ਸਵਾਰ ਸਨ। ਸਾਰਿਆਂ ਨੇ ਟਰੱਕ ਤੋਂ ਬਾਹਰ ਆ ਕੇ ਗੋਦਾਮ ਵਿਚ ਸਰੀਆ ਟਰੱਕ ਵਿਚ ਲੱਦਣਾ ਸ਼ੁਰੂ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਲੁਟੇਰਿਆਂ ਨੇ ਸ਼ੰਭੂ ਨੂੰ ਮਫਰਲ ਨਾਲ ਬੰਨ੍ਹ ਦਿੱਤਾ। ਇੰਨਾ ਹੀ ਨਹੀਂ, ਗੋਦਾਮ ਦੇ ਅੰਦਰ ਲੱਗੇ ਹੋਏ ਡੀ. ਵੀ. ਆਰ., ਐੱਲ. ਈ. ਡੀ. ਅਤੇ ਮੋਬਾਇਲ ਫੋਨ ਵੀ ਉਨ੍ਹਾਂ ਨੇ ਚੁੱਕ ਲਿਆ ਅਤੇ ਸਰੀਆ ਟਰੱਕ ਵਿਚ ਲੋਡ ਕਰਨ ਤੋਂ ਬਾਅਦ ਤੇਜ਼ ਰਫਤਾਰ ਟਰੱਕ ਲੈ ਕੇ ਹੁਸ਼ਿਆਰਪੁਰ ਵੱਲ ਚਲੇ ਗਏ।

ਇਹ ਵੀ ਪੜ੍ਹੋ : ਸੂਬਾ ਸਰਕਾਰ ਦਾ ਉਪਰਾਲਾ : ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਚੁੱਕੇ ਅਹਿਮ ਕਦਮ

ਗੋਇੰਦੀ ਇਸਪਾਤ ਦੇ ਮਾਲਕ ਹਰਪਾਲ ਸਿੰਘ ਨੇ ਕਿਹਾ ਕਿ ਵਾਰਦਾਤ ਤੋਂ ਪਤਾ ਲੱਗਦਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਗੋਦਾਮ ਦੀ ਰੇਕੀ ਕੀਤੀ ਹੋਈ ਸੀ। ਪਤਾਰਾ ਪੁਲਸ ਨੇ ਗੋਦਾਮ ਵਿਚ ਹੋਈ ਵਾਰਦਾਤ ਨੂੰ ਲੈ ਕੇ ਥਾਣਾ ਪਤਾਰਾ ਵਿਚ 6 ਨੰਬਰ ਐੱਫ. ਆਈ. ਆਰ. ਦਰਜ ਕਰ ਲਈ ਹੈ ਅਤੇ ਮੁਲਜ਼ਮਾਂ ਤੱਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਤੋਂ ਦਿਹਾਤ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਥਾਣਾ ਪਤਾਰਾ ਦੇ ਇਲਾਕੇ ਵਿਚ ਹੋਈਆਂ 2 ਵੱਡੀਆਂ ਵਾਰਦਾਤਾਂ ਨੇ ਲੋਕਾਂ ਵਿਚ ਵਧਾਇਆ ਖੌਫ

ਥਾਣਾ ਪਤਾਰਾ ਦੇ ਇਲਾਕੇ ਵਿਚ ਪਿਛਲੇ 24 ਘੰਟਿਆਂ ਵਿੱਚ ਹੋਈਆਂ 2 ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨਾਲ ਲੋਕਾਂ ਵਿੱਚ ਚੋਰ-ਲੁਟੇਰਿਆਂ ਦਾ ਭਾਰੀ ਖੌਫ ਪੈਦਾ ਹੋ ਗਿਆ ਹੈ। ਉਨ੍ਹਾਂ ਨੂੰ ਇਸ ਗੱਲ ਦਾ ਡਰ ਸਤਾਉਣ ਲੱਗਾ ਹੈ ਕਿ ਜੋ ਲੁਟੇਰੇ ਦਿਨ-ਦਿਹਾੜੇ ਹੁਸ਼ਿਆਰਪੁਰ ਹਾਈਵੇ ’ਤੇ ਸਥਿਤ ਬੈਂਕ ਅਤੇ ਰਾਤ ਦੇ ਸਮੇਂ ਸਰੀਆ ਗੋਦਾਮ ਵਿਚ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ, ਉਹ ਕਿਸੇ ਵੀ ਸਮੇਂ ਉਨ੍ਹਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਹਨ। ਇਲਾਕੇ ਦੀਆਂ ਪੰਚਾਇਤਾਂ ਸਮੇਤ ਕਈ ਮੋਹਤਬਰ ਵਿਅਕਤੀਆਂ ਨੇ ਜ਼ਿਲ੍ਹਾ ਦਿਹਾਤ ਪੁਲਸ ਮੁਖੀ ਸਵਰਨਦੀਪ ਸਿੰਘ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਪੁਲਸ ਦੀ ਗਿਣਤੀ ਵਧਾਈ ਜਾਵੇ ਅਤੇ ਨਾਕਾਬੰਦੀ ਨੂੰ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਲੁਟੇਰਿਆਂ ਦੇ ਮਨਾਂ ’ਚ ਪੁਲਸ ਦਾ ਖੌਫ ਪੈਦਾ ਹੋ ਸਕੇ।


author

Mandeep Singh

Content Editor

Related News