ਟਰੈਵਲ ਏਜੰਟ ਨੂੰ ਪੈਸੇ ਦੇਣ ਜਾ ਰਹੇ ਮਾਂ-ਪੁੱਤ ਤੋਂ 8 ਲੱਖ ਖੋਹੇ

08/02/2018 12:52:22 AM

 ਮੋਗਾ,   (ਅਾਜ਼ਾਦ, ਭਿੰਡਰ)-  ਅੱਜ ਬਾਅਦ ਦੁਪਹਿਰ ਪਿੰਡ ਕੋਕਰੀ ਕਲਾਂ ਤੇ ਜਲਾਲਾਬਾਦ ਵਿਚਕਾਰ ਕਾਰ ਸਵਾਰ ਲੁਟੇਰਿਆਂ ਵੱਲੋਂ ਮਾਂ-ਪੁੱਤ ਤੋਂ 8 ਲੱਖ ਰੁਪਏ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਜ਼ਿਲਾ ਪੁਲਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ, ਡੀ. ਐੱਸ. ਪੀ. ਸਤਪਾਲ ਸਿੰਘ, ਡੀ. ਐੱਸ. ਪੀ. ਧਰਮਕੋਟ ਅਤੇ ਥਾਣਾ ਮੁਖੀ ਜੋਗਿੰਦਰ ਸਿੰਘ ਪੁਲਸ ਪਾਰਟੀ ਸਮੇਤ   ਮੌਕੇ  ’ਤੇ ਪੁੱਜੇ ਅਤੇ ਜਾਂਚ ਕੀਤੀ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਸਬੰਧੀ ਥਾਣਾ ਧਰਮਕੋਟ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼ਾਹਕੋਟ ਨੇਡ਼ਲੇ ਪਿੰਡ ਭੋਇਪੁਰ ਨਿਵਾਸੀ ਮੈਂਟੀ ਪੁੱਤਰ ਤਰਸੇਮ ਸਿੰਘ ਵਿਦੇਸ਼ ਜਾਣ ਦਾ ਚਾਹਵਾਨ ਸੀ ਅਤੇ ਉਹ ਕਿਸੇ ਤਾਂਤਰਿਕ ਬਾਬੇ ਕੋਲ ਆਉਂਦਾ-ਜਾਂਦਾ ਸੀ, ਉਥੇ ਇਕ ਰਾਜੂ ਨਾਂ ਦਾ ਲਡ਼ਕਾ ਵੀ ਆਉਂਦਾ-ਜਾਂਦਾ ਸੀ। ਉਕਤ ਤਾਂਤਰਿਕ ਨੇ ਕਿਹਾ ਕਿ ਰਾਜੂ ਤੁਹਾਨੂੰ ਵਿਦੇਸ਼ ਭੇਜਣ ’ਚ ਮਦਦ ਕਰੇਗਾ, ਉਸ ਦੀ ਜਗਰਾਓਂ ਦੇ ਟਰੈਵਲ ਏਜੰਟ ਨਾਲ ਜਾਣ-ਪਛਾਣ ਹੈ। 
ਅੱਜ ਮੈਂਟੀ ਆਪਣੀ ਮਾਤਾ ਬਿੰਦਰ ਕੌਰ ਤੇ ਰਾਜੂ ਨੂੰ  ਨਾਲ ਲੈ ਕੇ ਜਗਰਾਓਂ ’ਚ ਉਕਤ ਟਰੈਵਲ ਏਜੰਟ ਨੂੰ 25 ਲੱਖ ਰੁਪਏ ’ਚੋਂ ਅੱਠ ਲੱਖ ਰੁਪਏ ਐਡਵਾਂਸ ਦੇਣ ਜਾ ਰਹੇ ਸਨ , ਜਦੋਂ ਉਹ ਪਿੰਡ ਕੋਕਰੀ ਕਲਾਂ ਨਹਿਰ ਕੋਲ ਪੁੱਜੇ ਤਾਂ ਉਨ੍ਹਾਂ ਨਾਲ ਆਏ ਰਾਜੂ ਨਾਂ ਦੇ ਲਡ਼ਕੇ ਨੇ ਕਿਹਾ ਕਿ ਮੋਟਰਸਾਈਕਲ ਰੋਕੋ, ਮੇਰੇ ਦੋਸਤ ਇੱਥੇ ਖਡ਼੍ਹੇ ਹਨ, ਮੈਂ ਉਨ੍ਹਾਂ ਨੂੰ ਮਿਲ ਕੇ ਆਉਂਦਾ ਹਾਂ। ਇਸ ਦੌਰਾਨ ਕੁਝ ਕਾਰ ਸਵਾਰ ਲਡ਼ਕੇ ਉਥੇ ਆ ਗਏ । ਸ਼ੱਕ ਕੀਤਾ ਜਾ ਰਿਹਾ ਹੈ ਕਿ ਰਾਜੂ ਨੇ ਉਕਤ ਕਾਰ ਸਵਾਰ ਵਿਅਕਤੀਆਂ ਨੂੰ ਬੁਲਾਇਆ ਸੀ। ਇਸ ਦੌਰਾਨ ਰਾਜੂ ਨੇ ਬਿੰਦਰ ਕੌਰ ਤੋਂ ਪੈਸਿਆਂ ਵਾਲਾ ਬੈਗ ਖੋਹਿਆ ਤੇ ਕਾਰ ਸਵਾਰ ਆਪਣੇ ਲੁਟੇਰੇ ਸਾਥੀਆਂ ਨਾਲ ਹੀ ਬੈਠ ਕੇ ਫਰਾਰ ਹੋ ਗਿਆ, ਜਿਸ ’ਤੇ ਮੈਂਟੀ ਤੇ ਬਿੰਦਰ ਕੌਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ’ਤੇ ਪੁਲਸ ਅਧਿਕਾਰੀ ਮੌਕੇ  ’ਤੇ ਪੁੱਜੇ ਅਤੇ ਜਾਂਚ ਕੀਤੀ।
 ਥਾਣਾ ਮੁਖੀ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਲੁਟੇਰਿਆਂ ਦਾ ਸੁਰਾਗ ਲਾਉਣ ਦਾ ਯਤਨ ਕਰ ਰਹੇ ਹਨ। ਇਸ ਸਬੰਧੀ ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ ’ਤੇ ਮੈਂਟੀ ਪੁੱਤਰ ਤਰਸੇਮ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਲੁਟੇਰਿਆਂ ਦੀ ਤਲਾਸ਼ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਹਨ ਅਤੇ ਜਗਰਾਓਂ ਸਥਿਤ ਟਰੈਵਲ ਏਜੰਟ ਦੀ ਵੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਲਦੀ ਹੀ ਲੁਟੇਰਿਆਂ  ਦੇ ਕਾਬੁੂ ਆ ਜਾਣ ਦੀ ਸੰਭਾਵਨਾ ਹੈ।


Related News