ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਲੁੱਟਿਆ ਪੈਟਰੋਲ ਪੰਪ, ਕਰਿੰਦੇ ਨੂੰ ਮਾਰੀ ਗੋਲ਼ੀ
Monday, Jun 26, 2023 - 09:47 PM (IST)
ਚੌਕ ਮਹਿਤਾ (ਕੈਪਟਨ)-ਲੁਟੇਰਿਆਂ ਨੇ ਚਿੱਟੇ ਦਿਨ ਪੈਟਰੋਲ ਪੰਪ ਲੁੱਟਣ ਅਤੇ ਇਕ ਕਰਿੰਦੇ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਥਾਣਾ ਮਹਿਤਾ ਅਧੀਨ ਪਿੰਡ ਜਲਾਲ ਉਸਮਾਂ ਵਿਖੇ ਇਕਬਾਲ ਫਿਲਿੰਗ ਸਟੇਸ਼ਨ ਦੇ ਮਾਲਕ ਬਾਪੂ ਅਜੀਤ ਸਿੰਘ ਤੇ ਇਥੇ ਮੌਜੂਦ ਤੇਜਿੰਦਰ ਸਿੰਘ ਬੁੱਟਰ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਈਆ ਵਾਲੀ ਸਾਈਡ ਤੋਂ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਲੁਟੇਰੇ ਆਏ, ਜਿਨ੍ਹਾਂ ਨੇ ਪੰਪ ’ਤੇ ਮੌਜੂਦ ਰਾਹੁਲ ਨਾਮੀ ਕਰਿੰਦੇ ਤੋਂ ਪਿਸਤੌਲ ਦੀ ਨੋਕ ’ਤੇ 25 ਤੋਂ 30 ਹਜ਼ਾਰ ਰੁਪਏ ਲੁੱਟੇ ਅਤੇ ਜਾਂਦੇ ਵਕਤ ਉਸ ਦੇ ਪੈਰ ਵਿਚ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ
ਇਹ ਖ਼ਬਰ ਵੀ ਪੜ੍ਹੋ : ਪੰਜਾਬਣ ਮੁਟਿਆਰ ਨੇ ਅਮਰੀਕਾ ’ਚ ਚਮਕਾਇਆ ਨਾਂ, ਸਪੈਸ਼ਲ ਈ-ਫੋਰਸ ’ਚ ਹੋਈ ਸ਼ਾਮਲ
ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਤੁਰੰਤ ਰਈਆ ਵੱਲੀ ਸਾਈਡ ਨੂੰ ਹੀ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਕਰਿੰਦਾ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਪੰਪ ਮਾਲਕ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਪੁਲਸ ਨੂੰ ਸੂਚਿਤ ਕਰਨ ’ਤੇ ਐੱਸ. ਪੀ. ਗੁਰਪ੍ਰਤਾਪ ਸਿੰਘ ਸਹੋਤਾ, ਡੀ. ਐੱਸ. ਪੀ. ਕੁਲਦੀਪ ਸਿੰਘ ਜੰਡਿਆਲਾ ਗੁਰੂ, ਇੰਸਪੈਕਟਰ ਅਮਨਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਪੰਪ ਦੇ ਮਾਲਕ ਅਜੀਤ ਸਿੰਘ ਤੇਜਿੰਦਰ ਸਿੰਘ ਬੁੱਟਰ ਨੇ ਆਖਿਆ ਕਿ ਇਨ੍ਹਾਂ ਵਰਦਾਤਾਂ ਨੂੰ ਠੱਲ੍ਹਣ ਲਈ ਜੇਕਰ ਸਰਕਾਰ ਨੇ ਕੋਈ ਠੋਸ ਕਦਮ ਨਾ ਚੁੱਕੇ ਤਾਂ ਕਾਰੋਬਾਰ ਬੰਦ ਕਰ ਦੇਣਾਂ ਸਾਡੀ ਮਜਬੂਰੀ ਬਣ ਜਾਵੇਗਾ। ਇਥੇ ਮੌਜੂਦ ਡੀ. ਐੱਸ. ਪੀ. ਕੁਲਦੀਪ ਸਿੰਘ ਨੇ ਆਖਿਆ ਕਿ ਪੁਲਸ ਵੱਲੋਂ ਸੀ. ਸੀ. ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਤੇ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮੌਕੇ ਕੁਲਦੀਪ ਰਾਏ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਸਰਪੰਚ ਗੁਰਬਖਸ਼ ਸਿੰਘ ਜਲਾਲ, ਦਲਜੀਤ ਸਿੰਘ ਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।