ਗੈਸ ਏਜੰਸੀ ਦੇ ਕਰਿੰਦੇ ਤੋਂ ਲੁਟੇਰਿਆਂ ਨੇ 40 ਹਜ਼ਾਰ ਰੁਪਏ ਲੁੱਟੇ

07/14/2018 5:11:43 PM

ਮਾਛੀਵਾੜਾ ਸਾਹਿਬ (ਟੱਕਰ) : ਸਤਵੰਤ ਗੈਸ ਏਜੰਸੀ ਦੇ ਕਰਿੰਦੇ ਤੋਂ ਲੁਟੇਰਿਆਂ ਨੇ ਅੱਜ ਨੇੜਲੇ ਪਿੰਡ ਝੜੌਦੀ ਵਿਖੇ ਅੱਖਾਂ 'ਚ ਮਿਰਚਾਂ ਪਾ ਕੇ 40 ਹਜ਼ਾਰ ਰੁਪਏ ਲੁੱਟ ਕੇ ਲਏ। ਲੁਟੇਰੇ ਸੀ.ਸੀ.ਟੀ.ਵੀ. ਕੈਮਰੇ 'ਚ ਵੀ ਕੈਦ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਤਵੰਤ ਗੈਸ ਏਜੰਸੀ ਦਾ ਕਰਿੰਦਾ ਜਗਵੀਰ ਸਿੰਘ ਸ਼ਨੀਵਾਰ ਸਵੇਰੇ ਟ੍ਰੈਕਟਰ-ਟਰਾਲੀ 'ਤੇ ਗੈਸ ਸਿਲੰਡਰ ਲੱਦ ਕੇ ਪਿੰਡਾਂ 'ਚ ਸਪਲਾਈ ਦੇਣ ਗਿਆ ਸੀ। ਉਸਨੇ ਕਰੀਬ 50 ਸਿਲੰਡਰ ਲੋਕਾਂ ਦੇ ਘਰਾਂ ਵਿਚ ਦੇ ਦਿੱਤੇ ਤੇ ਉਹ ਆਪਣੀ ਟ੍ਰੈਕਟਰ-ਟਰਾਲੀ 'ਤੇ ਸਵਾਰ ਹੋ ਕੇ ਲੱਖੋਵਾਲ ਤੋਂ ਝੜੌਦੀ ਪਿੰਡ ਵੱਲ ਆ ਰਿਹਾ ਸੀ ਕਿ ਰਸਤੇ ਵਿਚ 2 ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕਿਆ ਅਤੇ ਸਿਲੰਡਰ ਲੈਣ ਲਈ ਕਿਹਾ। 
ਟ੍ਰੈਕਟਰ-ਟਰਾਲੀ ਰੁਕਦਿਆਂ ਹੀ ਮੋਟਰਸਾਈਕਲ ਪਿੱਛੇ ਬੈਠੇ ਇਕ ਲੁਟੇਰੇ ਨੇ ਜਗਵੀਰ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਅਤੇ ਉਸ ਦੇ ਹੱਥ ਵਿਚ ਫੜਿਆ ਨਗਦੀ ਵਾਲਾ ਬੈਗ ਖੋਹਣ ਲੱਗ ਪਏ। ਜਗਵੀਰ ਵਲੋਂ ਲੁਟੇਰਿਆਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸਦੇ ਅੱਖਾਂ 'ਚ ਮਿਰਚਾਂ ਪੈਣ ਕਾਰਨ ਲੁਟੇਰੇ ਉਸ ਤੋਂ ਨਗਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਲੁਟੇਰੇ ਪਿੰਡ ਝੜੌਦੀ 'ਚੋਂ ਲੰਘਦੇ ਹੋਏ ਰਾਹੋਂ ਰੋਡ ਵੱਲ ਚਲੇ ਗਏ। 
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ ਸਮਰਾਲਾ ਹਰਸਿਮਰਤ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਅਤੇ ਰਸਤੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਜਿਸ ਵਿਚ ਇਨ੍ਹਾਂ ਦੋਵੇਂ ਲੁਟੇਰਿਆਂ ਦੇ ਚਿਹਰੇ ਕੈਦ ਹੋ ਗਏ। ਪੁਲਸ ਨੇ ਸਾਰੇ ਇਲਾਕੇ ਦੀ ਨਾਕਾਬੰਦੀ ਕਰ ਫੁਟੇਜ਼ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News