ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟੀਆਂ
Tuesday, Sep 12, 2017 - 01:00 PM (IST)
ਤਰਨਤਾਰਨ, ਝਬਾਲ (ਨਰਿੰਦਰ)-ਝਬਾਲ ਵਿਖੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਕੁਝ ਦਿਨਾਂ ਤੋਂ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਧਣ ਕਰ ਕੇ ਲੋਕ ਦਹਿਸ਼ਤ ਵਿਚ ਹਨ। ਬੀਤੇ ਦਿਨੀਂ ਵੀ ਦੋ ਮੋਟਰਸਾਈਕਲ ਸਵਾਰ ਹਰਕ੍ਰਿਸ਼ਨ ਸਕੂਲ ਨੇੜਿਓਂ ਇਕ ਬਜ਼ੁਰਗ ਤੋਂ 5500 ਰੁਪਏ ਖੋਹ ਕੇ ਫਰਾਰ ਹੋ ਗਏ ਸਨ ਜਦੋਂਕਿ ਅੱਜ ਫਿਰ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਇਕ ਬਜ਼ੁਰਗ ਔਰਤ ਤੋਂ ਰਸਤਾ ਪੁੱਛਣ ਦੇ ਬਹਾਨੇ ਉਸ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਏ।ਬਜ਼ੁਰਗ ਔਰਤ ਕਰਮ ਕੌਰ ਪਤਨੀ ਪੂਰਨ ਸਿੰਘ ਵਾਸੀ ਝਬਾਲ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਉਹ ਪਿੰਡ ਵਿਚ ਬਾਜ਼ਾਰ ਨੇੜੇ ਪੈਦਲ ਤੁਰੀ ਆ ਰਹੀ ਸੀ ਤਾਂ ਦੋ ਮੋਨੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਇਕ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਉਸ ਕੋਲ ਆ ਗਿਆ ਜਦਕਿ ਦੂਸਰਾ ਮੋਟਰਸਾਈਕਲ ਸਟਾਰਟ ਕਰ ਕੇ ਬੈਠਾ ਰਿਹਾ।
ਉਤਰ ਕੇ ਆਏ ਨੌਜਵਾਨ ਨੇ ਉਸ ਕੋਲੋਂ ਕਿਸੇ ਦਾ ਐਡਰੈੱਸ ਪੁੱਛਿਆ ਤੇ ਜਦੋਂ ਅਜੇ ਉਹ ਐਡਰੈੱਸ ਦੱਸ ਹੀ ਰਹੀ ਸੀ ਤਾਂ ਉਕਤ ਨੌਜਵਾਨ ਨੇ ਝਪਟ ਮਾਰ ਕੇ ਇਕਦਮ ਦੋਵੇਂ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਧੂਹ ਲਈਆਂ ਤੇ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਹੈ।
