ਦੇਰ ਰਾਤ ਹਾਈਵੇਅ ’ਤੇ ਖੜ੍ਹੀਆਂ ਲੁਟੇਰੀਆਂ ਔਰਤਾਂ ਨੌਜਵਾਨਾਂ ਨੂੰ ਬਣਾ ਰਹੀਆਂ ਆਪਣਾ ਨਿਸ਼ਾਨਾ
Saturday, Jun 03, 2023 - 12:43 PM (IST)
ਜਲੰਧਰ (ਮਾਹੀ) : ਦਿਹਾਤ ਤੇ ਸਿਟੀ ਅਧੀਨ ਆਉਂਦੇ ਹਾਈਵੇ ’ਤੇ ਇਲਾਕੇ ’ਚ ਲੁਟੇਰੀਆਂ ਔਰਤਾਂ ਇਨ੍ਹੀਂ ਦਿਨੀਂ ਸਰਗਰਮ ਹਨ। ਰਾਤ 10 ਵਜੇ ਤੋਂ ਬਾਅਦ ਇਹ ਲੁਟੇਰੀਆਂ ਔਰਤਾਂ ਸੁੰਨਸਾਨ ਜਗ੍ਹਾ ’ਤੇ ਖੜ੍ਹ ਕੇ ਲਿਫ਼ਟ ਮੰਗਦੀਆਂ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਹਸਪਤਾਲ ’ਚ ਦਾਖਲ ਹੋਣ ਬਾਰੇ ਦੱਸਦੀਆ ਹਨ, ਜਿਸ ਤੋਂ ਬਾਅਦ ਜਦ ਕਾਰ ਚਾਲਕ ਉਸ ਨੂੰ ਆਪਣੀ ਕਾਰ ’ਚ ਹਸਪਤਾਲ ਲੈ ਕੇ ਜਾਂਦਾ ਹੈ ਤਾਂ ਰਸਤੇ ’ਚ ਇਹ ਉਸ ਨੂੰ ਉਸੇ ਥਾਂ ’ਤੇ ਛੱਡ ਆਉਣ ਦੀ ਜ਼ਿੱਦ ਕਰਦੀਆਂ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਲੁਟੇਰੀਆਂ ਔਰਤਾਂ ਡਰਾਈਵਰ ਨੂੰ ਧਮਕੀ ਦਿੰਦਿਆਂ ਹਨ ਕਿ ਜੇਕਰ ਉਸ ਨੂੰ ਪੈਸੇ ਨਾ ਦਿੱਤੇ ਗਏ ਤਾਂ ਉਹ ਆਪਣੇ ਸਾਥੀਆਂ ਨੂੰ ਬੁਲਾ ਕੇ ਵੀਡੀਓ ਬਣਾ ਕੇ ਪੁਲਸ ਨੂੰ ਸ਼ਿਕਾਇਤ ਕਰਨਗੀਆਂ ਕਿ ਉਸ ਨਾਲ ਛੇੜਖਾਨੀ ਕੀਤੀ ਹੈ। ਇਸ ਡਰ ਕਾਰਨ ਕਈ ਨੌਜਵਾਨ ਪੈਸੇ ਦੇ ਕੇ ਆਪਣੀ ਜਾਨ ਬਚਾ ਲੈਂਦੇ ਹਨ। ਇਨ੍ਹਾਂ ਔਰਤਾਂ ਨੂੰ ਬਿਧੀਪੁਰ ਤੋਂ ਸੂਰਾਨੁੱਸੀ ਤੱਕ ਤੇ ਪਠਾਨਕੋਟ ਚੌਕ ਤੋਂ ਬਿਆਸ ਪਿੰਡ, ਫੋਕਲ ਪੁਆਇੰਟ ਤੋਂ ਲੈ ਕੇ ਲੰਮਾ ਪਿੰਡ ਚੌਕ ਤੱਕ ਹਾਈਵੇਅ ’ਤੇ ਖੜ੍ਹੀਆਂ ਦੇਖੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਸ਼ਹਿਰਾਂ ’ਚ ਸਫਾਈ ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਕਦਮ ਚੁੱਕਾਂਗੇ : ਬਲਕਾਰ ਸਿੰਘ
ਤਿੰਨੋਂ ਔਰਤਾਂ ਨਸ਼ੇ ਕਰਨ ਦੀਆਂ ਆਦੀ ਹਨ
ਹਰ ਚੌਕ ਚੌਰਾਹੇ ’ਤੇ ਖੜ੍ਹੀਆਂ ਤਿੰਨੋਂ ਔਰਤਾਂ ਨਸ਼ੇ ਦੀਆਂ ਆਦੀ ਹਨ। ਉਨ੍ਹਾਂ ਦਾ ਨਿਸ਼ਾਨਾ ਨੌਜਵਾਨ ਲੜਕੇ ਹੁੰਦੇ ਹਨ, ਕਿਉਂਕਿ ਆਪਣੀ ਇੱਜ਼ਤ ਦੀ ਖ਼ਾਤਰ ਇਹ ਨੌਜਵਾਨ ਪੁਲਸ ਕੋਲ ਸ਼ਿਕਾਇਤ ਨਹੀਂ ਕਰਦੇ। ਪੀੜਤ ਨੌਜਵਾਨ ਨੇ ਦੱਸਿਆ ਕਿ ਮਕਸੂਦਾਂ ਚੌਕ ਕੋਲ ਇਕ ਔਰਤ, ਜੋ ਕਿ ਕੁਆਰੀ ਲੱਗ ਰਹੀ ਸੀ, ਖੜ੍ਹੀ ਸੀ, ਜਦੋਂ ਉਸ ਨੇ ਕਾਰ ਰੋਕ ਕੇ ਉਸ ਨਾਲ ਗੱਲ ਕੀਤੀ ਤਾਂ ਉਕਤ ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਨਿੱਜੀ ਹਸਪਤਾਲ ’ਚ ਦਾਖਲ ਹੈ। ਉਸ ਦੇ ਇਲਾਜ ਲਈ ਪੈਸੇ ਨਹੀਂ ਹਨ ਤੇ ਉਹ ਆਪਣੀ ਮਾਂ ਨੂੰ ਮਿਲਣ ਜਾਣਾ ਚਾਹੁੰਦਾ ਹੈ। ਨੌਜਵਾਨ ਨੇ ਅੱਗੇ ਦੱਸਿਆ ਕਿ ਜਦੋਂ ਉਹ ਵਿਅਕਤੀ ਆਪਣੀ ਕਾਰ ’ਚ ਬੈਠ ਕੇ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਔਰਤ ਨੇ ਉਸ ਨੂੰ ਕਿਹਾ ਕਿ ਉਸ ਨੂੰ ਪੈਸਿਆਂ ਦੀ ਸਖ਼ਤ ਲੋੜ ਹੈ, ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਹ ਹੰਗਾਮਾ ਮਚਾ ਕੇ ਪੁਲਸ ਨੂੰ ਸ਼ਿਕਾਇਤ ਕਰੇਗੀ ਕਿ ਇਸ ਨੇ ਮੇਰੇ ਨਾਲ ਬਦਸਲੂਕੀ ਕੀਤੀ ਹੈ, ਜਿਸ ਦੇ ਡਰ ਕਾਰਨ ਲੜਕੇ ਨੇ ਉਸ ਔਰਤ ਨੂੰ 2200 ਦੇਣੇ ਪਏ।
ਨੌਜਵਾਨ ਆਪ ਫਸ ਰਹੇ ਨੇ ਇਸ ਜਾਲ ’ਚ
ਖੁਦ ਨੌਜਵਾਨ ਵੀ ਇਨ੍ਹਾਂ ਔਰਤਾਂ ਦਾ ਸ਼ਿਕਾਰ ਹੋ ਰਹੇ ਹਨ, ਕਿਉਂਕਿ ਜਦੋਂ ਇਹ ਔਰਤਾਂ ਹਾਈਵੇਅ ’ਤੇ ਖੜ੍ਹੀਆਂ ਹੋ ਕੇ ਇਸ਼ਾਰਾ ਕਰਦੀਆਂ ਹਨ ਤਾਂ ਨੌਜਵਾਨ ਉਨ੍ਹਾਂ ਨੂੰ ਆਪਣੀ ਗੱਡੀ ’ਚ ਬਿਠਾ ਲੈਂਦੇ ਹਨ, ਜਿਸ ਤੋਂ ਬਾਅਦ ਮਹਿਲਾ ਲੁਟੇਰਿਆਂ ਨੂੰ ਇਹ ਬਹਾਨਾ ਮਿਲ ਜਾਂਦਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਗੱਡੀ ’ਚ ਬਿਠਾਇਆ ਗਿਆ ਹੈ। ਕਾਰ ਤਾਂ ਜੋ ਉਹ ਗਲਤ ਕੰਮ ਕਰ ਸਕਣ ਨੌਜਵਾਨ ਨੇ ਨਾਂ ਨਾ ਛਾਪਣ ਦੀ ਗੱਲ ’ਚ ਦੱਸਿਆ ਕਿ ਉਸ ਨੇ ਨੂਰਪੁਰ ਦੇ ਬਾਹਰ ਹਾਈਵੇ ’ਤੇ ਔਰਤ ਨੂੰ ਲਿਫਟ ਦਿੱਤੀ, ਜਿਸ ਨੇ ਚੁੰਨੀ ਨਾਲ ਮੂੰਹ ਢਕਿਆ ਹੋਇਆ ਸੀ, ਜਦ ਉਸ ਨੇ ਉਕਤ ਔਰਤ ਨੂੰ ਪਠਾਨਕੋਟ ਚੌਕ ’ਤੇ ਛੱਡਣ ਲੱਗਾ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਉਕਤ ਔਰਤ ਨੂੰ ਕੋਈ ਪੈਸੇ ਨਹੀਂ ਦਿੱਤੇ। ਉਸ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨ੍ਹਾਂ ਔਰਤਾਂ ਨੂੰ ਕਿਸੇ ਤਰ੍ਹਾਂ ਹਾਈਵੇਅ ਤੋਂ ਹਟਾਇਆ ਜਾਵੇ, ਕਿਉਂਕਿ ਇਹ ਔਰਤ ਹੋਣ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਲੁੱਟ ਰਹੀਆਂ ਹਨ, ਜੋ ਕਿ ਬਹੁਤ ਗਲਤ ਹੈ।
ਇਹ ਵੀ ਪੜ੍ਹੋ : ਰਾਹਤ : ਜੀ. ਐੱਸ. ਟੀ. ਰਿਟਰਨ ਸਕਰੂਟਨੀ ਨੂੰ ਲੈ ਕੇ ਸੀ. ਬੀ. ਆਈ. ਸੀ. ਦੇ ਨਵੇਂ ਨਿਰਦੇਸ਼
ਕਿਸੇ ਵੀ ਪੁਲਸ ਅਧਿਕਾਰੀ ਤੋਂ ਨਹੀਂ ਡਰਦੀਆਂ
ਜਦੋਂ ਇਨ੍ਹਾਂ ਔਰਤਾਂ ਦੇ ਹੱਥੋਂ ਲੁਟੇ ਨੌਜਵਾਨਾਂ ਨੇ ਉਨ੍ਹਾਂ ਦੀ ਸ਼ਿਕਾਇਤ ਪੁਲਸ ਅਧਿਕਾਰੀਆਂ ਨੂੰ ਕਰਨ ਦੀ ਗੱਲ ਕਹੀ ਤਾਂ ਇਨ੍ਹਾਂ ਮਹਿਲਾ ਲੁਟੇਰੀਆਂ ਨੇ ਅੱਗੇ ਕਿਹਾ ਕਿ ਜਿਸ ਅਧਿਕਾਰੀ ਨੇ ਉਨ੍ਹਾਂ ਨੂੰ ਜਾ ਕੇ ਦੱਸਣਾ ਹੈ। ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ। ਇਸ ਦੇ ਉਲਟ ਪੁਲਸ ਤੁਹਾਡੇ ਖ਼ਿਲਾਫ਼ ਕਾਰਵਾਈ ਕਰੇਗੀ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਦਾ ਪੁਲਸ ਮੁਲਾਜ਼ਮਾਂ ਨਾਲ ਵੀ ਗੱਠਜੋੜ ਹੈ, ਜਿਸ ਕਰ ਕੇ ਉਹ ਸ਼ਰੇਆਮ ਇਹ ਧੰਦਾ ਕਰ ਰਹੀਆਂ ਹਨ ਤੇ ਨੌਜਵਾਨਾਂ ਦੀ ਲੁੱਟ-ਖਸੁੱਟ ਕਰ ਰਹੀਆਂ ਹਨ।
ਕੀ ਕਹਿੰਦੇ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਮੁਖਵਿੰਦਰ ਭੁੱਲਰ
ਦੂਜੇ ਪਾਸੇ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਹਾਲਤ ’ਚ ਜਲੰਧਰ ਦਿਹਾਤ ਦੇ ਏਰੀਏ ’ਚ ਅਜਿਹੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ, ਜਿਸ ਨਾਲ ਦਿਹਾਤੀ ਏਰੀਏ ਦਾ ਮਾਹੌਲ ਖਰਾਬ ਹੋਵੇ ਤੇ ਜਿਸ ਕਾਰਨ ਰਾਤ ਸਮੇਂ ਲੋਕ ਪ੍ਰੇਸ਼ਾਨ ਹੋਣ। ਉਨ੍ਹਾਂ ਕਿਹਾ ਜੇਕਰ ਇਹ ਤਿੰਨੋਂ ਔਰਤਾਂ ਹਾਈਵੇਅ ’ਤੇ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੰਦੀਆਂ ਹਨ ਤੇ ਕਿਸੇ ਨੂੰ ਲੁੱਟਦੀਆਂ ਹਨ ਤਾਂ ਉਹ ਆ ਕੇ ਸ਼ਿਕਾਇਤ ਕਰਨ ਉਕਤ ਸ਼ਿਕਾਇਤਕਰਤਾ ਦਾ ਨਾਂ ਗੁਪਤ ਰੱਖਿਆ ਜਾਵੇਗਾ ਤੇ ਉਕਤ ਔਰਤਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਅਤ ਲਈ ਜੋ ਕੰਮ ਕੀਤੇ ਹਨ, ਇਨੇ ਕਿਸੇ ਸਰਕਾਰ ਨੇ ਨਹੀਂ ਕੀਤੇ : ਅਸ਼ਵਨੀ ਸ਼ਰਮਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।