ਕਿੱਥੇ ਐ ਪੁਲਸ! ਦਿਨ-ਦਿਹਾੜੇ ਲੁਟੇਰੇ ਔਰਤ ਦੇ ਗਲ਼ 'ਚੋਂ ਸੋਨੇ ਦੀ ਚੇਨ ਝਪਟ ਕੇ ਫਰਾਰ
Saturday, Aug 20, 2022 - 02:19 AM (IST)
ਜਲੰਧਰ (ਸੁਨੀਲ ਮਹਾਜਨ) : ਗੁਰਾਇਆ ਇਲਾਕੇ 'ਚ ਦਿਨ-ਦਿਹਾੜੇ ਲੁਟੇਰਿਆਂ, ਚੋਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹੀ ਜਾ ਰਹੀ ਹੈ। ਗੁਰਾਇਆ ਦੇ ਵਾਰਡ 8 ਨਿਊ ਮਾਰਕੀਟ ਵਿਖੇ ਦੁਪਹਿਰ 3 ਵਜੇ ਦੇ ਕਰੀਬ ਆਪਣੇ ਬੱਚੇ ਨੂੰ ਲੈ ਕੇ ਸਕੂਲੋਂ ਘਰ ਦੇ ਬਾਹਰ ਪਹੁੰਚੀ ਔਰਤ ਦੇ ਗਲ਼ 'ਚੋਂ ਸੋਨੇ ਦੀ ਚੇਨ ਝਪਟ ਕੇ ਲੁਟੇਰੇ ਫਰਾਰ ਹੋ ਗਏ।
ਇਸ ਸਬੰਧੀ ਪੀੜਤ ਰੀਨਾ ਬੱਤਰਾ ਪਤਨੀ ਰਵੀ ਬੱਤਰਾ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਘਰ ਲੈ ਕੇ ਆਈ ਸੀ। ਘਰ ਦੇ ਬਾਹਰ ਉਹ ਆਪਣੀ ਐਕਟਿਵਾ ਲਾ ਕੇ ਘਰ ਅੰਦਰ ਦਾਖਲ ਹੋਣ ਲੱਗੀ ਤਾਂ ਇਕ ਪਲਸਰ ਮੋਟਰਸਾਈਕਲ 'ਤੇ 2 ਲੁਟੇਰੇ ਆਏ, ਜਿਨ੍ਹਾਂ ਨੇ ਉਸ ਦੇ ਗਲ਼ 'ਚ ਪਾਈ ਸੋਨੇ ਦੀ ਚੇਨ ਖਿੱਚ ਲਈ, ਜਿਨ੍ਹਾਂ ਦਾ ਉਸ ਨੇ ਮੁਕਾਬਲਾ ਕੀਤਾ ਤਾਂ ਚੇਨ ਵਿੱਚ ਪਏ ਸੋਨੇ ਦਾ ਲਾਕੇਟ ਅਤੇ ਕੁੰਡੀ ਉਸ ਦੇ ਹੱਥ ਵਿੱਚ ਰਹਿ ਗਈ, ਜਦਕਿ ਲੁਟੇਰੇ ਇਕ ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : 65 ਸਾਲ ਪੁਰਾਣਾ 'ਰੁਸਤਮ' ਟਰੈਕਟਰ, ਟਰਾਲੀ ਨੂੰ ਲੱਗਦੇ ਹਵਾਈ ਜਹਾਜ਼ ਦੇ ਟਾਇਰ
ਉਨ੍ਹਾਂ ਦੱਸਿਆ ਕਿ ਇਕ ਲੁਟੇਰੇ ਨੇ ਹੈਲਮੇਟ ਪਾਇਆ ਹੋਇਆ ਸੀ, ਜਦਕਿ ਦੂਸਰੇ ਨੇ ਮਾਸਕ ਲਾ ਕੇ ਆਪਣਾ ਮੂੰਹ ਢਕਿਆ ਹੋਇਆ ਸੀ, ਜੋ ਮੁਹੱਲੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਏ ਹਨ। ਇਸ ਸਬੰਧੀ ਉਨ੍ਹਾਂ ਗੁਰਾਇਆ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਵਾਰਡ ਕੌਂਸਲਰ ਬਲਜਿੰਦਰ ਕਾਲਾ ਨੇ ਕਿਹਾ ਕਿ ਨਾ ਤਾਂ ਕੋਈ ਦੁਕਾਨਦਾਰ ਸੁਰੱਖਿਅਤ ਹੈ, ਨਾ ਹੀ ਮੁਹੱਲੇ 'ਚ ਔਰਤਾਂ ਸੁਰੱਖਿਅਤ ਹਨ। ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਦੀਆਂ ਖੜ੍ਹੀਆਂ ਗੱਡੀਆਂ ਚੋਰੀ ਕਰਕੇ ਚੋਰ ਫਰਾਰ ਹੋ ਰਹੇ ਹਨ ਤੇ ਘਰ ਦੇ ਬਾਹਰ ਖੜ੍ਹੀਆਂ ਔਰਤਾਂ ਦੇ ਕੰਨਾਂ 'ਚ ਪਾਈਆਂ ਵਾਲੀਆਂ ਤੇ ਗਲ਼ 'ਚ ਪਈਆਂ ਚੇਨਾਂ ਖੋਹ ਕੇ ਲੁਟੇਰੇ ਫਰਾਰ ਹੋ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।