ਰੋਡਵੇਜ਼ ਦੇ ਮੁਲਾਜ਼ਮਾਂ ਨੇ ਗੇਟ ਰੈਲੀ ਕਰ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

Tuesday, Jan 30, 2018 - 01:08 AM (IST)

ਰੋਡਵੇਜ਼ ਦੇ ਮੁਲਾਜ਼ਮਾਂ ਨੇ ਗੇਟ ਰੈਲੀ ਕਰ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਬਟਾਲਾ,   (ਬੇਰੀ)-  ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਬਟਾਲਾ ਦੇ ਮੁਲਾਜ਼ਮਾਂ ਨੇ ਗੇਟ ਰੈਲੀ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਗੁਰਜੀਤ ਸਿੰਘ ਘੋੜੇਵਾਹ ਜਨਰਲ ਸਕੱਤਰ ਏਟਕ ਤੇ ਬਲਜੀਤ ਸਿੰਘ ਗਿੱਲ ਸੂਬਾ ਜਨਰਲ ਸਕੱਤਰ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕਿਹਾ ਕਿ ਪੰਜਾਬ ਸਰਕਾਰ ਰੋਡਵੇਜ਼ ਨੂੰ ਕਾਰਪੋਰੇਸ਼ਨ 'ਚ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਦਾ ਰੋਡਵੇਜ਼ ਤੇ ਪਨਬੱਸ ਦੇ ਕਰਮਚਾਰੀ ਵਿਰੋਧ ਕਰਦੇ ਹਨ। ਪੰਜਾਬ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਠੇਕੇ 'ਤੇ ਭਰਤੀ ਨਹੀਂ ਕੀਤੀ ਜਾਵੇਗੀ ਪਰ ਇਸ ਦੇ ਬਾਵਜੂਦ ਠੇਕੇ 'ਤੇ ਭਰਤੀ ਕੀਤੀ ਜਾ ਰਹੀ ਹੈ। ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਕਾਰਵਾਈ ਬਹੁਤ ਹੌਲੀ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 2007 ਤੋਂ ਠੇਕੇ 'ਤੇ ਭਰਤੀ ਹੋਏ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਪਨਬੱਸ ਦੀਆਂ ਕਰਜ਼ਾ ਮੁਕਤ ਬੱਸਾਂ ਨੂੰ ਰੋਡਵੇਜ਼ 'ਚ ਮਰਜ ਕੀਤਾ ਜਾਵੇ, ਬੱਸਾਂ ਦੇ ਨਾਲ ਹੀ ਸਟਾਫ ਵੀ ਪੱਕਾ ਕੀਤਾ ਜਾਵੇ, ਸੁਵਿਧਾ ਸੈਂਟਰ 'ਚੋਂ ਕੱਢੇ ਕਰਮਚਾਰੀਆਂ ਨੂੰ ਡਿਊਟੀ 'ਤੇ ਲਿਆਂਦਾ ਜਾਵੇ, ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲਾਗੂ ਕੀਤਾ ਜਾਵੇ। ਉਕਤ ਆਗੂਆਂ ਨੇ ਕੈਪਟਨ ਸਰਕਾਰ ਵੱਲੋਂ ਧਰਮਲ ਪਲਾਂਟ ਬੰਦ ਕੀਤੇ ਜਾਣ ਦੀ ਨਿੰਦਾ ਕੀਤੀ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ 'ਤੇ ਗੌਰ ਨਾ ਕੀਤਾ ਗਿਆ ਤਾਂ 6 ਫਰਵਰੀ ਨੂੰ ਜਲੰਧਰ 'ਚ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ, 19 ਫਰਵਰੀ ਨੂੰ ਗੇਟ ਰੈਲਿਆਂ ਤੇ 21 ਫਰਵਰੀ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਅਵਤਾਰ ਸਿੰਘ, ਵਿਜੇ ਕੁਮਾਰ, ਮਨਬੀਰ ਸਿੰਘ, ਵਿਸ਼ਵਨਾਥ ਏਟਕ, ਪਰਮਜੀਤ ਕੋਹਾੜ, ਪ੍ਰਦੀਪ ਕੁਮਾਰ, ਜਗਦੀਪ ਸਿੰਘ, ਰਜਿੰਦਰ ਸਿੰਘ ਤੇ ਜਗਰੂਪ ਸਿੰਘ ਕੰਟਰੈਕਟ ਵਰਕਰਜ਼ ਯੂਨੀਅਨ, ਰਵਿੰਦਰ ਸਿੰਘ, ਵੱਸਣ ਸਿੰਘ, ਕੁਲਵੰਤ ਸਿੰਘ ਇੰਟਕ, ਸੁਖਵਿੰਦਰ ਸਿੰਘ, ਭਜਨ ਸਿੰਘ ਐੱਸ. ਸੀ. ਯੂਨੀਅਨ ਆਦਿ ਹਾਜ਼ਰ ਸੀ।


Related News