ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ''ਤੇ ਰੋਡਵੇਜ਼ ਮੁਲਾਜ਼ਮਾਂ ਕੀਤੀ ਗੇਟ ਰੈਲੀ

06/23/2017 12:23:46 AM

ਮੋਗਾ,  (ਗਰੋਵਰ/ਗੋਪੀ)- ਅੱਜ ਨਾਰਥ ਜ਼ੋਨ ਗੌਰਮਿੰਟ ਟਰਾਂਸਪੋਰਟ ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁਲਾਜ਼ਮਾਂ ਨੇ ਮੋਗਾ ਡਿਪੂ ਵਿਖੇ ਭਰਵੀਂ ਗੇਟ ਰੈਲੀ ਕੀਤੀ। ਪੰਜਾਬ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ 20 ਦਸੰਬਰ, 2016 ਦੇ ਫੈਸਲੇ ਨੂੰ ਲਾਗੂ ਨਾ ਕਰਨ ਬਾਰੇ ਕੀਤੀ ਜਾ ਰਹੀ ਦੇਰੀ ਖਿਲਾਫ ਪੰਜਾਬ, ਸੀ. ਟੀ. ਯੂ., ਹਰਿਆਣਾ ਅਤੇ ਹਿਮਾਚਲ ਰੋਡਵੇਜ਼ ਦੇ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਫੈਸਲੇ ਨਾਲ ਇਕੱਲੇ ਪੰਜਾਬ ਰੋਡਵੇਜ਼ ਜਾਂ ਪੈਪਸੂ ਰੋਡਵੇਜ਼ ਦੀ ਆਮਦਨ 'ਚ ਹੀ ਵਾਧਾ ਨਹੀਂ ਹੋਣਾ ਸਗੋਂ ਸੀ. ਟੀ. ਯੂ., ਹਿਮਾਚਲ ਅਤੇ ਹਰਿਆਣਾ ਰੋਡਵੇਜ਼ ਦੀ ਆਮਦਨ 'ਚ ਵੀ ਕਰੋੜਾਂ ਰੁਪਏ ਦਾ ਵਾਧਾ ਹੋਣਾ ਹੈ। ਇਸ ਕਰ ਕੇ ਨਾਰਥ ਜ਼ੋਨ ਦੀਆਂ ਸਾਰੀਆਂ ਯੂਨੀਅਨਾਂ ਨੇ ਇਕੱਠੇ ਹੋ ਕੇ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝਾ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ।
ਇਸ ਦੌਰਾਨ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਮੈਂਬਰ ਸਾਥੀ ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਨੇ ਦੱਸਿਆ ਕਿ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਆਊਟ ਸੋਰਸ, ਠੇਕੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਵਾਉਣ, ਹਾਈਕੋਰਟ ਅਤੇ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਵਾਉਣ, ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਪਾਲਿਸੀ ਨੂੰ ਰੱਦ ਕਰਵਾਉਣ, ਬਰਾਬਰ ਕੰਮ-ਬਰਾਬਰ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਵਾਉਣ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉਪਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਅਤੇ ਮਹਿਕਮੇ ਅੰਦਰ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਵਾਉਣ ਲਈ 28 ਜੂਨ ਨੂੰ ਸਾਂਝੀ ਮੀਟਿੰਗ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ 'ਚ ਕਨਵੈਨਸ਼ਨ ਕਰਨ ਦਾ ਐਲਾਨ ਕੀਤਾ।
ਇਸ ਗੇਟ ਰੈਲੀ 'ਚ ਮੁੱਖ ਤੌਰ 'ਤੇ ਸਾਥੀ ਬਚਿੱਤਰ ਸਿੰਘ ਧੋਥੜ, ਗੁਰਦੇਵ ਸਿੰਘ ਇੰਟਕ, ਪੋਹਲਾ ਸਿੰਘ ਬਰਾੜ, ਸੁਰਿੰਦਰ ਸਿੰਘ ਬਰਾੜ, ਬਲਕਰਨ ਮੋਗਾ, ਇੰਦਰਜੀਤ ਭਿੰਡਰ, ਰੋਡਵੇਜ਼ ਕਰਮਚਾਰੀ ਦਲ ਬ੍ਰਾਂਚ ਮੋਗਾ ਦੇ ਪ੍ਰਧਾਨ ਪ੍ਰਦੀਪ ਸਿੰਘ, ਜਨਰਲ ਸਕੱਤਰ ਦਪਿੰਦਰ ਸਿੰਘ, ਇੰਟਕ ਦੇ ਪ੍ਰਧਾਨ ਖੁਸ਼ਪਾਲ ਸਿੰਘ, ਜਨਰਲ ਸਕੱਤਰ ਕੁਲਦੀਪ ਚੰਦ ਤੋਂ ਇਲਾਵਾ ਪਨਬੱਸ ਕੰਟਰੈਕਟ ਵਰਕਰਾਂ ਦੇ ਸਾਥੀ ਲਖਵੀਰ ਸਿੰਘ ਅਤੇ ਪਵਬੱਸ ਵਰਕਰਜ਼ ਯੂਨੀਅਨ ਦੇ ਵਰਕਰ, ਰੋਡਵੇਜ਼ ਮੋਗਾ ਦੇ ਵਰਕਰ ਅਤੇ ਪੈਨਸ਼ਨਰਜ਼ ਆਗੂ ਚਮਕੌਰ ਸਿੰਘ ਡਗਰੂ ਵੀ ਮੌਜੂਦ ਸਨ।


Related News