ਸਡ਼ਕੀ ਸੁਰੱਖਿਆ ਢੰਗ-ਤਰੀਕਿਆਂ ’ਚ ਵੱਡਾ ਬਦਲਾਅ ਸਮੇਂ ਦੀ ਲੋਡ਼ : ਅਰੁਣਾ ਚੌਧਰੀ

Wednesday, Jul 25, 2018 - 06:38 AM (IST)

ਸਡ਼ਕੀ ਸੁਰੱਖਿਆ ਢੰਗ-ਤਰੀਕਿਆਂ ’ਚ ਵੱਡਾ ਬਦਲਾਅ ਸਮੇਂ ਦੀ ਲੋਡ਼ : ਅਰੁਣਾ ਚੌਧਰੀ

ਚੰਡੀਗਡ਼੍ਹ, (ਅਸ਼ਵਨੀ)- “ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ  ਹੇਠ ਸਡ਼ਕ ਸੁਰੱਖਿਆ ਦੇ ਢੰਗ-ਤਰੀਕਿਆਂ ਵਿਚ ਬਦਲਦੇ ਸਮੇਂ ਅਨੁਸਾਰ ਵੱਡਾ ਬਦਲਾਅ ਲਿਆਉਣ ’ਤੇ ਗੰਭੀਰਤਾ ਨਾਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਜੋ ਕਿ ਸਮੇਂ ਦੀ ਮੁੱਖ ਲੋਡ਼ ਹੈ।” ਇਹ ਵਿਚਾਰ ਪੰਜਾਬ ਦੀ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਅੱਜ ਇਥੇ ਪੰਜਾਬ ਰਾਜ ਸਡ਼ਕ ਸੁਰੱਖਿਆ ਕੌਂਸਲ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਗਟ ਕੀਤੇ। 
ਚੌਧਰੀ ਨੇ ਦੱਸਿਆ ਕਿ ‘ਈ-ਚਲਾਨ ਮਸ਼ੀਨਾਂ’  ਦੀ  ਵਰਤੋਂ  ਸ਼ੁਰੂ ਕੀਤੀ ਜਾਵੇਗੀ ਤੇ ਇਹ ਮਸ਼ੀਨਾਂ ਐੱਨ. ਆਈ. ਸੀ. ਦੇ ਸਾਫਟਵੇਅਰ ਤੇ ਇੰਟਰਨੈੱਟ ਨਾਲ ਜੁਡ਼ੀਆਂ ਹੋਣਗੀਆਂ, ਜਿਸ ਨਾਲ ਫੀਲਡ ਸਟਾਫ ਦੇ ਪੱਧਰ ’ਤੇ ਭ੍ਰਿਸ਼ਟਾਚਾਰ ਦੀ ਸੰਭਾਵਨਾ ਨੂੰ ਨੱਥ ਪਵੇਗੀ। ਉਨ੍ਹਾਂ  ਦੱਸਿਆ ਕਿ ਇਸ ਤੋਂ ਇਲਾਵਾ ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਸਮੱਸਿਆ ਕਈ ਸਡ਼ਕੀ ਹਾਦਸਿਆਂ ਦਾ ਕਾਰਨ ਬਣਦੀ ਹੈ ਤੇ ਇਸ ਨੂੰ ਨੱਥ ਪਾਉਣ ਲਈ ‘ਸ਼ਰਾਬ ਦੀ ਮਾਤਰਾ ਮਾਪਣ ਵਾਲੇ ਯੰਤਰਾਂ’ ਦੀ ਖਰੀਦ ਕੀਤੀ ਜਾਵੇਗੀ, ਜੋ ਕਿ ਆਜ਼ਾਦਾਨਾ ਤੌਰ ’ਤੇ ਐੱਨ. ਆਈ. ਸੀ. ਸਰਵਰ ਦੀ ਈ-ਚਲਾਨ ਐਪਲੀਕੇਸ਼ਨ ਨਾਲ ਜੁਡ਼ੇ ਹੋਣਗੇ। 
 ਸਡ਼ਕੀ ਹਾਦਸਿਆਂ ਵਿਚ ਮੌਤਾਂ ਦਾ ਇਕ ਹੋਰ ਵੱਡਾ ਕਾਰਨ ਤੇਜ਼ ਰਫਤਾਰ ਨੂੰ ਦੱਸਦੇ ਹੋਏ ਚੌਧਰੀ ਨੇ ਦੱਸਿਆ ਕਿ 6 ਮਾਰਗੀ ਕੌਮੀ ਸ਼ਾਹ ਰਾਹਾਂ ’ਤੇ ਵਾਹਨਾਂ ਦੀ ਰਫਤਾਰ ਨੂੰ ਮਾਪਣ ਲਈ ਅਤਿ-ਆਧੁਨਿਕ ਯੰਤਰਾਂ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਡ਼ੀਂਦੀਅਾਂ ਥਾਵਾਂ ’ਤੇ ਰਫਤਾਰ ਮਾਪਣ ਵਾਲੇ ਤੇ ਡਿਸਪਲੇ ਬੋਰਡਾਂ ਨੂੰ ਸਥਾਪਿਤ ਕਰਨ ਬਾਰੇ ਵੀ ਡੂੰਘਾਈ  ਨਾਲ ਵਿਚਾਰ ਕੀਤਾ ਜਾਵੇਗਾ।
 ਓਵਰ-ਲੋਡਿੰਗ ਨੂੰ ਇਕ ਗੰਭੀਰ ਸਮੱਸਿਆ ਦੱਸਦੇ ਹੋਏ ਚੌਧਰੀ ਨੇ ਕਿਹਾ ਕਿ ਇਸ ਨਾਲ ਨਜਿੱਠਣ ਲਈ ਆਟੋਮੇਟਿਡ ਭਾਰ ਤੋਲਕ  ਯੰਤਰ ਮਹੱਤਵਪੂਰਨ ਥਾਵਾਂ, ਜਿਵੇਂ ਕਿ ਰੇਤਾ ਤੇ ਬੱਜਰੀ ਦੀਆਂ ਖੱਡਾਂ ਦੇ ਨੇਡ਼ੇ ਸਥਾਪਤ ਕੀਤੇ ਜਾਣਗੇ ਤੇ ਇਹ ਐੱਨ. ਆਈ. ਸੀ. ਨਾਲ ਜੁਡ਼ੇ ਹੋਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਊਣਤਾਈ ਪਾਏ ਜਾਣ ’ਤੇ ਲੋਡ਼ ਨਾਲੋਂ ਵੱਧ ਭਾਰ ਲੱਦ ਕੇ ਭੇਜਣ ਵਾਲੇ ਵਿਅਕਤੀ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। 
 ਮੀਟਿੰਗ ਦੌਰਾਨ ਚੌਧਰੀ ਨੇ ਆਮ ਲੋਕਾਂ ਨੂੰ ਸਡ਼ਕੀ ਸੁਰੱਖਿਆ ਦੇ ਹਰ ਪਹਿਲੂ ਸਬੰਧੀ ਜਾਗਰੂਕ ਕਰਨ ਦੀ ਲੋਡ਼ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਸਬੰਧੀ ਹਦਾਇਤਾਂ ਦੀ ਹਰ ਹਾਲਤ ਵਿਚ ਪਾਲਣਾ ਕੀਤਾ ਜਾਵੇ ਤੇ ਸਡ਼ਕੀ ਸੁਰੱਖਿਆ ਦੇ ਹਰ ਨੁਕਤੇ ’ਤੇ ਰੌਸ਼ਨੀ ਪਾਉਂਦੀ ਕਿਤਾਬ ਵੀ ਜਾਰੀ ਕੀਤੀ ਜਾਵੇ। ਮੀਟਿੰਗ ਵਿਚ  ਪ੍ਰਿੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ ਸਰਵਜੀਤ ਸਿੰਘ, ਏ. ਡੀ. ਜੀ. ਪੀ. ਟ੍ਰੈਫਿਕ ਸ਼ਰਦ ਚੌਹਾਨ, ਪੰਜਾਬ ਪੁਲਸ ਦੇ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਤੇ ਲੁਧਿਆਣਾ ਦੀ ਸੰਭਵ ਫਾਊਂਡੇਸ਼ਨ ਦੇ ਰਾਹੁਲ ਵਰਮਾ ਵੀ ਹਾਜ਼ਰ ਸਨ।
 


Related News