ਸੜਕ ’ਤੇ ਪਸ਼ੂਅਾਂ ਦੇ ਹੱਡ ਸੁੱਟ ਕੇ ਲਾਇਆ ਜਾਮ

Saturday, Aug 18, 2018 - 01:54 AM (IST)

ਸੜਕ ’ਤੇ ਪਸ਼ੂਅਾਂ ਦੇ ਹੱਡ ਸੁੱਟ ਕੇ ਲਾਇਆ ਜਾਮ

ਤਪਾ ਮੰਡੀ (ਸ਼ਾਮ, ਹਰੀਸ਼, ਮਾਰਕੰਡਾ)– ਮਾਤਾ ਦਾਤੀ ਰੋਡ ’ਤੇ ਸੰਘਣੀ ਆਬਾਦੀ ’ਚ ਬਣੀ ਹੱਡਾ ਰੋਡ਼ੀ ਤੋਂ ਪ੍ਰੇਸ਼ਾਨ ਲੋਕਾਂ ਨੇ ਸਡ਼ਕ ’ਤੇ ਪਸ਼ੂਆਂ ਦੇ ਹੱਡ ਸੁੱਟ ਕੇ ਰੋਡ ਜਾਮ ਕਰ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ। ਧਰਨਾਕਾਰੀਆਂ ਸਾਬਕਾ ਕੌਂਸਲਰ ਲੰਗਰ ਰਾਮ, ਬਲੌਰ ਸਿੰਘ, ਜੱਗਾ ਸਿੰਘ ਆਦਿ ਨੇ ਦੱਸਿਆ ਕਿ ਕਈ ਦਹਾਕਿਆਂ ਤੋਂ ਸੰਘਣੀ ਆਬਾਦੀ ’ਚ ਹੱਡਾ-ਰੋਡ਼ੀ ਹੋਣ ਕਾਰਨ  ਬਦਬੂ ਆਉਂਦੀ ਰਹਿੰਦੀ ਹੈ। ਹੱਡਾ ਰੋਡ਼ੀ ਦੇ ਖੂੰਖਾਰ ਕੁੱਤੇ ਮਰੇ ਪਸ਼ੂਆਂ ਦੇ ਹੱਡ ਚੁੱਕ  ਕੇ  ਘਰਾਂ  ’ਚ ਸੁੱਟ ਦਿੰਦੇ ਹਨ। ਹਾਲਾਤ ਇਹ ਹਨ ਕਿ ਉਨ੍ਹਾਂ  ਦੇ ਘਰ ਰਿਸ਼ਤੇਦਾਰ ਆਉਣੋਂ ਵੀ ਹਟ ਗਏ ਹਨ। ਉਨ੍ਹਾਂ ਦੇ ਘਰਾਂ ਕੋਲ ਹੱਡਾ ਰੋਡ਼ੀ ਹੋਣ ਕਾਰਨ ਬੱਚਿਅਾਂ ਦੇ ਰਿਸ਼ਤੇ ਸਿਰੇ ਨਹੀਂ ਚੜ੍ਹ ਰਹੇ। ਇਸ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਨੂੰ ਕਈ ਵਾਰ ਕਿਹਾ ਗਿਆ ਹੈ ਪਰ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਉਨ੍ਹਾਂ ਨੂੰ ਅੱਕ ਕੇ ਇਹ ਜਾਮ ਲਾਉਣਾ ਪਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜੋਗੀ ਬਸਤੀ ’ਚ ਸ਼ਿਵਜੀ ਦਾ ਮੰਦਰ  ਬਿਲਕੁਲ ਹੱਡਾ ਰੋਡ਼ੀ ਦੇ ਨਾਲ ਬਣਿਆ ਹੋਇਆ ਹੈ ਅਤੇ ਜੋਗੀਆਂ ਨੂੰ ਇਸ ਹਾਲਤ ’ਚ ਬਾਹਰ ਬੈਠ ਕੇ ਰੋਟੀ ਖਾਣੀ ਪੈਂਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਦਾ ਹੱਲ ਨਾ ਕੀਤਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੀ ਹੋਵੇਗੀ।  ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਇਸ ਮੌਕੇ ਸਿਟੀ ਇੰਚਾਰਜ ਤਰਸੇਮ ਸਿੰਘ ਦੀ ਅਗਵਾਈ ’ਚ ਪੁਲਸ ਤਾਇਨਾਤ ਸੀ। ਨਗਰ ਕੌਂਸਲ ਦੇ ਇਕ ਕਰਮਚਾਰੀ ਤਰਸੇਮ ਚੰਦ ਖਿਲੂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਸ਼ਹਿਰ ਤੋਂ ਬਾਹਰ ਇਸ ਹੱਡਾ ਰੋਡ਼ੀ ਲਈ ਜਗ੍ਹਾ ਦਾ ਇੰਤਜ਼ਾਮ ਕਰ ਰਹੇ ਹਨ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਸ ਮੌਕੇ ਗੁਰਮੀਤ ਸਿੰਘ, ਸੋਮਾ ਸਿੰਘ, ਤੇਜਿੰਦਰ ਸਿੰਘ, ਸੋਹਣ ਸਿੰਘ, ਕਰਮਜੀਤ ਕੌਰ, ਬਿਮਲਾ ਦੇਵੀ, ਮਾਇਆ ਦੇਵੀ, ਜਸਪਾਲ ਕੌਰ, ਵੀਰਪਾਲ ਕੌਰ ਆਦਿ ਹਾਜ਼ਰ ਸਨ।


Related News