ਲਿੰਕ ਰੋਡ ’ਤੇ ਪਏ ਟੋਇਅਾਂ ਕਾਰਨ ਔਰਤ ਜ਼ਖਮੀ

07/04/2018 1:13:43 AM

ਰੂਪਨਗਰ, (ਵਿਜੇ)- ਪਿੰਡ ਕੋਟਲਾ ਨਿਹੰਗ ਨੂੰ ਜਾਣ ਵਾਲੀ ਲਿੰਕ ਰੋਡ ’ਤੇ ਭਿਆਨਕ ਟੋਇਆਂ ਦੇ ਕਾਰਨ ਇਕ ਮਹਿਲਾ ਦੀ ਸਕੂਟਰੀ ਉਸ ’ਚ ਡਿੱਗਣ ਕਾਰਨ ਉਸ ਦਾ ਇਕ ਪੈਰ ਦੋ ਥਾਵਾਂ ਤੋਂ ਫਰੈਕਚਰ ਹੋ ਗਿਆ। ਜਿਸ ਨੂੰ ਬਾਅਦ ’ਚ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਭਰਤੀ ਕਰਵਾਉਣਾ ਪਿਆ। ਜਦੋਂ ਕਿ ਇਸ ਤੋਂ ਪਹਿਲਾਂ ਵੀ ਉਕਤ ਖਸਤਾਹਾਲ ਮਾਰਗ ਦੇ ਕਾਰਨ ਹੁਣ ਤੱਕ ਕਰੀਬ ਇਕ ਦਰਜਨ ਲੋਕ ਪਹਿਲਾਂ ਹੀ ਜ਼ਖਮੀ ਹੋ ਚੁੱਕੇ ਹਨ। ਪਰ ਫਿਰ ਵੀ ਨਗਰ ਕੌਂਸਲ ਕੁੰਭਕਰਨੀ ਨੀਂਦ ਸੁੱਤਾ ਹੈ ਅਤੇ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ’ਚ ਹੈ।
ਅੱਜ ਸਵੇਰੇ ਕੁਲਦੀਪ ਕੌਰ (35) ਪਤਨੀ ਮਨਦੀਪ ਸਿੰਘ ਨਿਵਾਸੀ ਪਿੰਡ ਕੋਟਲਾ ਨਿਹੰਗ ਆਪਣੇ ਪਿੰਡ ਤੋਂ ਮਿਲਟਰੀ ਦੀ ਕੰਟੀਨ ਤੋਂ ਕੁਝ ਸਾਮਾਨ ਲੈਣ ਜਾ ਰਹੀ ਸੀ ਕਿ ਅਚਾਨਕ ਉਸ ਦੀ ਸਕੂਟਰੀ ਲਿੰਕ ਮਾਰਗ ’ਤੇ  ਪਏ ਟੋਏ ’ਚ ਡਿੱਗ ਗਈ ਅਤੇ ਉਸ ਦਾ ਖੱਬਾ ਪੈਰਾਂ ਦੋ ਥਾਵਾਂ ਤੋਂ ਫਰੈਕਚਰ ਹੋ ਗਿਆ ਅਤੇ ਹੁਣ ਉਹ ਹਸਪਤਾਲ ’ਚ ਇਲਾਜ ਅਧੀਨ ਹੈ। ਇਹ ਲਿੰਕ ਰੋਡ ਨਗਰ ਕੌਂਸਲ ਰੂਪਨਗਰ ਦੇ ਖੇਤਰ ’ਚ ਪੈਂਦੀ ਹੈ ਅਤੇ ਇਸ ਦਾ ਕਰੀਬ 200 ਫੁੱਟ ਭਾਗ ਖਸਤਾ ਹਾਲਤ ’ਚ ਹੈ ਅਤੇ ਇਸ ’ਚ ਕਾਫੀ ਡੂੰਘੇ-ਡੂੰਘੇ ਟੋਏ ਹਨ। ਇਸ ਸਡ਼ਕ ਤੋਂ ਕਰੀਬ ਇਕ ਦਰਜਨ ਪਿੰਡਾਂ ਦੇ ਲੋਕ ਰੋਜ਼ਾਨਾ ਗੁਜ਼ਰਦੇ ਹਨ, ਜਿਨ੍ਹਾਂ  ’ਚ ਕੋਟਲਾ ਨਿਹੰਗ, ਟੱਪਰੀਆਂ, ਗਰੇਵਾਲ, ਮਾਜਰੀ, ਮੰਗਰੋਡ਼, ਅਕਬਰਪੁਰ, ਲਖਮੀਪੁਰ, ਬਾਗਵਾਲੀ, ਪੁਰਖਾਲੀ ਆਦਿ  ਪਿੰਡ ਹਨ ਅਤੇ ਇਸ ਸਡ਼ਕ ’ਤੇ ਪਿੰਡ ਦਾ ਹਾਈ ਸਕੂਲ ਵੀ ਪੈਂਦਾ ਹੈ, ਜਿੱਥੋਂ ਬੱਚੇ ਅਤੇ ਅਧਿਆਪਕ ਰੋਜ਼ਾਨਾ ਗੁਜ਼ਰਦੇ ਹਨ।  ਲੋਕਾਂ ਦੀ ਮੰਗ ਹੈ ਕਿ ਇਸ ਸਡ਼ਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਤਾਂ ਕਿ ਦੁਰਘਟਨਾਵਾਂ ਟਲ ਸਕਣ।
PunjabKesari
ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਪਰ ਐਸਟੀਮੇਟ ’ਚ ਰਾਸ਼ੀ ਘੱਟ ਹੋਣ ਦੇ ਕਾਰਨ ਇਹ ਸਡ਼ਕ ਨਹੀਂ ਬਣ ਸਕੀ। ਜਿਸ ਨੂੰ ਹੁਣ ਜਲਦ ਹੀ ਬਣਾਇਆ ਜਾਵੇਗਾ।
ਹਾਦਸੇ ’ਚ ਮੋਟਰਸਾਈਕਲ  ਸਵਾਰ ਜ਼ਖਮੀ
ਬਲੈਰੋ ਪਿੱਕਅਪ ਨਾਲ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ ’ਚ ਇਲਾਜ ਅਧੀਨ ਤਰਸੇਮ ਸਿੰਘ ਪੁੱਤਰ ਦਰਬਾਰਾ ਸਿੰਘ ਨਿਵਾਸੀ ਨੂੰਹੋਂ ਕਾਲੋਨੀ ਬੀਤੀ ਰਾਤ ਮਾਛੀਵਾਡ਼ਾ ਤੋਂ ਰੂਪਨਗਰ ਵੱਲ ਮੋਟਰਸਾਈਕਲ ਰਾਹੀਂ ਆ ਰਿਹਾ ਸੀ। ਪਿੰਡ ਬੱਸੀ ਗੁੱਜਰਾਂ ਦੇ ਨੇਡ਼ੇ ਇਕ ਬਲੈਰੋ ਪਿੱਕਅਪ ਨੇ ਉਸਨੂੰ ਟੱਕਰ ਮਾਰੀ, ਜਿਸ  ਕਾਰਨ  ਉਹ  ਜ਼ਖਮੀ ਹੋ ਗਿਆ। ਉਸਨੂੰ ਪਹਿਲਾਂ ਸ੍ਰੀ ਚਮਕੌਰ ਸਾਹਿਬ ਹਸਪਤਾਲ ਲਿਜਾਇਆ ਗਿਆ, ਉਥੋਂ ਉਸਨੂੰ ਰੂਪਨਗਰ ਸਿਵਲ ਹਸਪਤਾਲ ਰੈਫਰ ਕਰ  ਦਿੱਤਾ ਗਿਆ। ਪੁਲਸ ਨੇ ਬਲੈਰੋ ਪਿੱਕਅਪ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News