ਸੜਕ ਹਾਦਸੇ ’ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇਕ ਗੰਭੀਰ

07/22/2018 6:46:40 AM

ਸਮਰਾਲਾ,  (ਗਰਗ)-  ਸ਼ੁੱਕਰਵਾਰ ਦੇਰ ਰਾਤ ਮੋਟਰਸਾਈਕਲ ਸਵਾਰ ਤਿੰਨ ਪ੍ਰਵਾਸੀ ਮਜ਼ਦੂਰਾਂ ਨੂੰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰਨ ਮਗਰੋਂ ਬੁਰੀ ਤਰ੍ਹਾਂ ਕੁਚਲੇ ਜਾਣ ’ਤੇ ਦੋ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਨਾਜ਼ੁਕ ਹੋਣ ’ਤੇ ਉਸ ਨੂੰ  ਪੀ. ਜੀ. ਆਈ. ਚੰਡੀਗੜ੍ਹ  ਵਿਖੇ ਲਿਜਾਇਆ ਗਿਆ ਹੈ। 
ਜਾਣਕਾਰੀ ਅਨੁਸਾਰ ਦੇਰ ਰਾਤ ਅਜੇ ਸਾਹਨੀ (27), ਮਦਨ ਸਾਹਨੀ (29) ਤੇ ਸ਼ਕਤੀ ਕੁਮਾਰ (24) ਮੋਟਰਸਾਈਕਲ ’ਤੇ ਸਵਾਰ ਹੋ ਕੇ ਥਾਣਾ ਸਮਰਾਲਾ ਅਧੀਨ ਪੈਂਦੀ ਨਹਿਰ ਨੀਲੋਂ ਪੁਲ ਤੋਂ ਗੜ੍ਹੀ ਪਿੰਡ ਨੂੰ, ਜਿੱਥੇ ਕਿ ਇਹ ਮਜ਼ਦੂਰ ਝੌਂਪੜ ਬਸਤੀ ਵਿਚ ਰਹਿੰਦੇ ਸਨ, ਵਿਖੇ ਵਾਪਸ ਆ ਰਹੇ ਸਨ। 
ਗੜ੍ਹੀ ਪੁਲਸ ਤੋਂ ਪਹਿਲਾਂ ਪੰਜਾਬ ਢਾਬੇ ਅੱਗੇ ਕਿਸੇ ਅਣਪਛਾਤੇ ਵਾਹਨ ਨਾਲ ਇਨ੍ਹਾਂ ਦੀ ਟੱਕਰ ਹੋ ਜਾਣ ਮਗਰੋਂ ਇਹ ਤਿੰਨੇ ਮਜ਼ਦੂਰ ਉਸ ਵਾਹਨ ਦੇ ਹੇਠਾਂ ਬੁਰੀ ਤਰ੍ਹਾਂ ਕੁਚਲੇ ਗਏ। ਹਾਦਸੇ ਵਿਚ ਅਜੇ ਸਾਹਨੀ ਤੇ ਮਦਨ ਸਾਹਨੀ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸ਼ਕਤੀ ਕੁਮਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਇਹ ਵੀ ਨਹੀਂ ਪਤਾ ਲਗ ਸਕਿਆ ਕਿ ਕਿਸ ਵਾਹਨ ਨਾਲ ਇਨ੍ਹਾਂ ਦੀ ਟੱਕਰ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਣ ’ਤੇ ਸਮਰਾਲਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਉਪਰੰਤ ਲਾਸ਼ਾਂ  ਦਾ ਅੱਜ ਪੋਸਟਮਾਰਟਮ ਕਰਵਾਇਆ ਗਿਆ। ਥਾਣਾ ਸਮਰਾਲਾ ਦੇ ਤਫਤੀਸ਼ੀ ਅਫ਼ਸਰ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਕੇਸ ਤਾਂ ਦਰਜ ਕਰ ਲਿਆ ਹੈ ਪਰ ਇਨ੍ਹਾਂ ਨੂੰ ਟੱਕਰ ਮਾਰਨ ਵਾਲੇ ਵਾਹਨ ਬਾਰੇ ਪੁਲਸ ਨੂੰ ਅਜੇ ਕੋਈ ਸੁਰਾਗ ਨਹੀਂ ਮਿਲਿਆ। 
 


Related News