ਸਡ਼ਕ ਹਾਦਸੇ ਦੌਰਾਨ ਇਕ ਹਲਾਕ, ਮਾਮਲਾ ਦਰਜ
Sunday, Jun 17, 2018 - 02:24 AM (IST)
ਤਰਨਤਾਰਨ, (ਰਾਜੂ)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਵਿਅਕਤੀ ਦੇ ਹਲਾਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਦਈ ਲਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗਲੀ ਗਊ ਘਾਟ ਮੁਹੱਲਾ ਜਸਵੰਤ ਸਿੰਘ ਤਰਨਤਾਰਨ ਨੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਆਪਣੇ ਚਾਚੇ ਦੇ ਲਡ਼ਕੇ ਬਲਕਾਰ ਸਿੰਘ ਪੁੱਤਰ ਗੁਰਮੱਖ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਿਵਲ ਹਸਪਤਾਲ ਤਰਨਤਾਰਨ ਤੋਂ ਬੋਹਡ਼ੀ ਚੌਕ ਵੱਲ ਨੂੰ ਜਾ ਰਹੇ ਸਨ। ਉਸ ਦਾ ਪਿਤਾ ਬਲਦੇਵ ਸਿੰਘ ਆਪਣੇ ਮੋਟਰਸਾਈਕਲ ਪੈਸ਼ਨ ਪਲੱਸ ਨੰਬਰੀ ਪੀ.ਬੀ.46.ਸੀ.8745 ’ਤੇ ਸਵਾਰ ਹੋ ਕੇ ਸਿਵਲ ਹਸਪਤਾਲ ਤਰਨਤਾਰਨ ਤੋਂ ਅੱਗੇ ਬੋਹਡ਼ੀ ਚੌਕ ਤਰਨਤਾਰਨ ਵੱਲ ਨੂੰ ਜਾ ਰਿਹਾ ਸੀ ਕਿ ਜਦ ਉਹ ਜਗਦੇਵ ਮਾਰਕੀਟ ਤਰਨਤਾਰਨ ਨਜ਼ਦੀਕ ਪੁੱਜੇ ਤਾਂ ਇਕ ਜ਼ੈੱਨ ਕਾਰ ਨੰਬਰੀ ਪੀ.ਬੀ.02.ਜੈਡ.4727 ਬੋਹਡ਼ੀ ਚੌਕ ਤਰਨਤਾਰਨ ਵੱਲੋਂ ਬਡ਼ੀ ਤੇਜ਼ੀ ਨਾਲ ਯੂ ਟਰਨ ਮਾਰ ਕੇ ਸਿੱਧੀ ਉਸ ਦੇ ਪਿਤਾ ਬਲਦੇਵ ਸਿੰਘ ਦੇ ਮੋਟਰਸਾਈਕਲ ਵਿਚ ਵੱਜੀ। ਉਸ ਦੇ ਪਿਤਾ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਕਾਰ ਚਾਲਕ ਮੌਕੇ ਤੋਂ ਕਾਰ ਭਜਾ ਕੇ ਲੈ ਗਿਆ। ਉਸ ਨੇ ਆਪਣੇ ਪਿਤਾ ਨੂੰ ਆਟੋ ਵਿਚ ਪਾ ਕੇ ਸਿਵਲ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ। ਉਹ ਆਪਣੇ ਪਿਤਾ ਨੂੰ ਗੁਰੂ ਰਾਮਦਾਸ ਹਸਪਤਾਲ ਵੱਲਾ ਅੰਮ੍ਰਿਤਸਰ ਲੈ ਗਿਆ ਪਰ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਬਲਵਿੰਦਰ ਸਿੰਘ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
